ਔਰਤ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਤੀ ਨੂੰ ਪੰਜ ਸਾਲ ਕੈਦ

09

March

2019

ਐਸ.ਏ.ਐਸ. ਨਗਰ (ਮੁਹਾਲੀ) ਮੁਹਾਲੀ ਅਦਾਲਤ ਨੇ ਇੱਕ ਔਰਤ ਨੂੰ ਬੱਚਿਆਂ ਸਮੇਤ ਮਰਨ ਲਈ ਮਜਬੂਰ ਕਰਨ ਦੇ ਦੋ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਮੁਲਜ਼ਮ ਪਤੀ ਮੁਖ਼ਤਿਆਰ ਸਿੰਘ ਵਾਸੀ ਮੁਬਾਰਕਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਔਰਤ ਸੁਖਵਿੰਦਰ ਕੌਰ ਦੀ ਮੌਤ ਤੋਂ ਬਾਅਦ ਮਈ 2017 ਵਿੱਚ ਰੇਲਵੇ ਪੁਲੀਸ ਵੱਲੋਂ ਮ੍ਰਿਤਕਾ ਦੇ ਪਤੀ ਮੁਖ਼ਤਿਆਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾਕਟਰ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮ੍ਰਿਤਕਾ ਸੁਖਵਿੰਦਰ ਕੌਰ ਦੇ ਪਤੀ ਮੁਖ਼ਤਿਆਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਕੈਦ ਅਤੇ 5 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਸਬੰਧੀ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਮੁਖ਼ਤਿਆਰ ਸਿੰਘ ਆਪਣੀ ਪਤਨੀ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਸੁਖਵਿੰਦਰ ਕੌਰ ਨੇ ਆਪਣੇ ਲੜਕੇ ਹੇਮੰਤ, ਲੜਕੀ ਜਸਪ੍ਰੀਤ ਕੌਰ ਉਰਫ਼ ਪ੍ਰੀਤੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਪੁਲੀਸ ਮੁਤਾਬਕ ਮੁਖ਼ਤਿਆਰ ਸਿੰਘ ਪਿੰਡ ਮੁਬਾਰਕਪੁਰ ਵਿੱਚ ਆਪਣੀ ਪਤਨੀ ਤੋਂ ਅਲੱਗ ਰਹਿੰਦਾ ਸੀ ਪਰ ਫਿਰ ਵੀ ਉਹ ਅਕਸਰ ਆਪਣੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।