ਵਿਸ਼ਾਲ ਨੂੰ ਗੋਲੀਆਂ ਮਾਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ

09

March

2019

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 6 ਮਾਰਚ ਨੂੰ ਸਵੇਰੇ ਸੈਕਟਰ 49 ਦੇ ਇਕ ਫਲੈਟ ਵਿਚ ਡੀਏਵੀ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ਾਲ ਚਿਲਰ ਨੂੰ ਗੋਲੀਆਂ ਨਾਲ ਉਡਾਉਣ ਦੇ ਦੋਸ਼ ਹੇਠ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਮੁੱਢਲੀ ਪੁੱਛ-ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਡੀਏਵੀ ਕਾਲਜ ਵਿਚ ਵਿਦਿਆਰਥੀ ਯੂਨੀਅਨਾਂ ਦੀ ਲੜਾਈ ਦੀ ਪੁਰਾਣੀ ਰੰਜਿਸ਼ ਕਾਰਨ ਇਹ ਕਤਲ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਡੀਏਵੀ ਕਾਲਜ ਦੇ ਵਿਦਿਆਰਥੀ ਰਾਹੁਲ ਮਾਂਡਾ, ਸੁਮੀਤ ਕੁਮਾਰ, ਸੁਸ਼ੀਲ ਕੁਮਾਰ, ਅਮਨਦੀਪ ਨੇਹਰਾ ਅਤੇ ਰਮਦੀਪ ਸ਼ਿਓਕੰਦ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਾਰੇ ਹਿਸਾਰ ਨਾਲ ਸਬੰਧਤ ਹਨ ਤੇ 20 ਤੋਂ 23 ਸਾਲ ਦੀ ਉਮਰ ਦੇ ਹਨ। ਐਸਪੀ ਕਰਾਈਮ ਵਿਨੀਤ ਕੁਮਾਰ, ਐਸਪੀ ਸਿਟੀ ਨਿਹਾਰਿਕਾ ਭੱਟ ਅਤੇ ਏਐਸਪੀ ਦੱਖਣ ਨੇਹਾ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਸ਼ਾਲ ਅਤੇ ਪੰਕਜ ਸੈਕਟਰ 49 ਵਿਚ ਰਹਿੰਦੇ ਸਨ। ਉਹ 5 ਮਾਰਚ ਨੂੰ ਸੁਮੀਤ ਨੂੰ ਕੁੱਟਣ ਡੀਐਲਐਫ ਸੁਸਾਇਟੀ ਮੁਲਾਂਪੁਰ ਨਿਊ ਚੰਡੀਗੜ੍ਹ (ਮੁਹਾਲੀ) ਗਏ ਸਨ। ਇਸੇ ਦੌਰਾਨ ਉਨ੍ਹਾਂ ਦੇ ਦੋਸਤ ਅਮਨਦੀਪ ਨੇਹਰਾ ਨੇ ਇਸ ਦੀ ਪਹਿਲਾਂ ਹੀ ਸੁਮੀਤ ਨੂੰ ਜਾਣਕਾਰੀ ਦੇ ਦਿੱਤੀ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਉਥੋਂ ਖਿਸਕ ਗਿਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਮੌਕੇ ਜਦੋਂ ਸਮੀਤ ਘਰ ਨਾ ਮਿਲਿਆ ਤਾਂ ਵਿਸ਼ਾਲ ਤੇ ਪੰਕਜ ਆਦਿ ਨੇ ਉਸ ਦੇ ਘਰ ਦੇ ਬਾਹਰ ਹੁੜਦੰਗ ਮਚਾਇਆ ਸੀ ਅਤੇ ਉਥੇ ਉਨ੍ਹਾਂ ਦੀ ਖੜੀ ਕਾਰ ਐਚਆਰ48ਏ5500 ਦੀ ਭੰਨਤੋੜ ਵੀ ਕੀਤੀ ਸੀ ਜਿਸ ਤੋਂ ਬਾਅਦ ਉਹ ਵਾਪਸ ਸੈਕਟਰ 49 ਆਪਣੇ ਫਲੈਟ ਵਿਚ ਆ ਗਏ ਸਨ ਅਤੇ ਰਾਤ ਨੂੰ ਪਾਰਟੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਸੂਚਨਾ ਉਨ੍ਹਾਂ ਕੋਲ ਹੀ ਰਹਿ ਰਹੇ ਅਮਨਦੀਪ ਨੇਹਰਾ ਨੇ ਲੀਕ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੇਹਰਾ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਨੇਹਰਾ ਮੰਨ ਵਿਚ ਰੰਝ ਲੈ ਕੇ ਵਿਸ਼ਾਲ ਦੇ ਫਲੈਟ ਤੋਂ ਕੈਬ ਕਰਕੇ ਸੁਮੀਤ ਕੋਲ ਨਿਊ ਚੰਡੀਗੜ੍ਹ ਪੁੱਜ ਗਿਆ ਸੀ ਅਤੇ ਸਾਰੀ ਕਹਾਣੀ ਉਸ ਨੂੰ ਦੱਸੀ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਸੁਮੀਤ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਸੈਕਟਰ 49 ਵਿਚ ਵਿਸ਼ਾਲ ਦੇ ਫਲੈਟ ਵਿਚ ਆਇਆ ਅਤੇ ਗੋਲੀਆਂ ਚਲਾ ਕੇ ਵਿਸ਼ਾਲ ਨੂੰ ਢੇਰ ਕਰ ਦਿੱਤਾ ਅਤੇ ਉਸ ਦੇ ਦੋਸਤਾਂ ਨੂੰ ਸੱਟਾਂ ਮਾਰੀਆਂ। ਪੁਲੀਸ ਨੇ ਮੁਲਜ਼ਮਾਂ ਨੂੰ ਕਾਰ ਐਚਆਰ20ਏਐਨ0846 ਸਮੇਤ ਕਾਬੂ ਕੀਤਾ ਹੈ ਅਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।