Arash Info Corporation

ਗਰਾਊਂਡ ’ਚ ਖੇਡ ਰਹੀ ਬੱਚੀ ਨੂੰ ਕੁੱਤਿਆਂ ਨੇ ਨੋਚਿਆ

04

March

2019

ਬਨੂੜ ਨਜ਼ਦੀਕੀ ਪਿੰਡ ਮਨੌਲੀ ਸੂਰਤ ਵਿਚ ਅੱਜ ਦੁਪਿਹਰ ਵੇਲੇ ਲਾਵਾਰਿਸ ਕੁੱਤਿਆਂ ਨੇ ਸਾਢੇ ਤਿੰਨ ਸਾਲਾਂ ਦੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਲਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਬਾਲੜੀ ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਪਿੰਡ ਦੇ ਸਰਪੰਚ ਨੈਬ ਸਿੰਘ ਅਤੇ ਬੱਚੀ ਦੇ ਗੁਆਂਢੀ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਸਾਢੇ ਤਿੰਨ ਵਰ੍ਹਿਆਂ ਦੀ ਧੀ ਮਾਹੀ ਆਪਣੇ ਘਰ ਦੇ ਨੇੜੇ ਗੁੱਗਾਮਾੜੀ ਗਰਾਊਂਡ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਹੀ ਸੀ। ਇਨ੍ਹਾਂ ਬੱਚਿਆਂ ਉੱਤੇ ਲਾਵਾਰਿਸ ਕੁੱਤਿਆਂ ਨੇ ਧਾਵਾ ਬੋਲ ਦਿੱਤਾ। ਇਸ ਦੌਰਾਨ ਵੱਡੇ ਜੁਆਕ ਤਾਂ ਭੱਜ ਗਏ ਪਰ ਮਾਹੀ ਨੂੰ ਕੁੱਤਿਆਂ ਨੇ ਆਪਣੇ ਮੂੰਹਾਂ ਵਿੱਚ ਜਕੜ ਲਿਆ ਤੇ ਕਾਫੀ ਦੂਰ ਤਕ ਖਿੱਚ ਕੇ ਲੈ ਗਏ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਅਤੇ ਦੂਜੇ ਬੱਚਿਆਂ ਵੱਲੋਂ ਰੌਲਾ ਪਾਉਣ ਉੱਤੇ ਇੱਕਠੇ ਹੋਏ ਲੋਕਾਂ ਨੇ ਮਾਹੀ ਨੂੰ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਇਆ। ਸਰਪੰਚ ਨੇ ਦੱਸਿਆ ਕਿ ਬੱਚੀ ਦੇ ਪਰਿਵਾਰਕ ਮੈਂਬਰ ਜ਼ਖ਼ਮੀ ਹਾਲਤ ਵਿੱਚ ਮਾਹੀ ਨੂੰ ਪਹਿਲਾਂ ਸਿਵਲ ਹਸਪਤਾਲ ਡੇਰਾਬੱਸੀ ਲੈ ਕੇ ਗਏ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪੀਜੀਆਈ ਲਈ ਰੈਫ਼ਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਤਿਆਂ ਨੇ ਮਾਹੀ ਦੇ ਸਿਰ ਤੇ ਪਿੱਠ ਉੱਤੋਂ ਕਾਫ਼ੀ ਜ਼ਿਆਦਾ ਮਾਸ ਨੋਚ ਲਿਆ ਤੇ ਬੱਚੀ ਦੇ ਵੱਡੇ-ਵੱਡੇ ਜ਼ਖ਼ਮ ਹੋ ਗਏ ਹਨ। ਬੱਚੀ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।