‘ਆਯੂਸ਼ਮਾਨ ਭਾਰਤ’ ਮੋਦੀ ਦਾ ਜੁਮਲਾ: ਕੇਜਰੀਵਾਲ

25

September

2018

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁਰੂ ਕੀਤੀ ਗਈ ਸਿਹਤ ਯੋਜਨਾ ‘ਆਯੂਸ਼ਮਾਨ ਭਾਰਤ’ ਕੇਵਲ ਪ੍ਰਚਾਰ ਦਾ ਤਰੀਕਾ ਹੈ ਜੋ ਕਿ ਜਲਦੀ ਹੀ ਇੱਕ ਜੁਮਲਾ ਸਾਬਤ ਹੋਵੇਗੀ। ਉਨ੍ਹਾਂ ਇਸ ਸਿਹਤ ਯੋਜਨਾ ਨੂੰ ਇੱਕ ਹੋਰ ਚਿੱਟਾ ਹਾਥੀ ਕਰਾਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਤੇ ਉਨ੍ਹਾਂ ਰਾਫ਼ਾਲ ਸੌਦੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਸੀ।ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਯੋਜਨਾ ਦਿੱਲੀ ਵਿੱਚ 50 ਲੱਖ ਵਿੱਚੋਂ ਸਿਰਫ 6 ਲੱਖ ਪਰਿਵਾਰ ਹੀ ਕਵਰ ਕਰਦੀ ਹੈ। ਉਨ੍ਹਾਂ ਕਿਹਾ ਕਿ ‘ਆਯੂਸ਼ਮਾਨ ਭਾਰਤ’ ਯੋਜਨਾ ਨੂੰ ਬਣਾਇਆ ਹੀ ਇਸ ਤਰ੍ਹਾਂ ਗਿਆ ਹੈ ਕਿ ਇਹ ਨਾਕਾਮਯਾਬ ਹੋਣੀ ਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਚਾਰ ਸਾਲਾਂ ਵਿੱਚ ਜਿੰਨੇ ਕੰਮ ਮੋਦੀ ਨੇ ਕੀਤੇ, ਉਨ੍ਹਾਂ ਦੀ ਦਿੱਲੀ ਸਰਕਾਰ ਨੇ ਉਸ ਤੋਂ 10 ਗੁਣਾ ਜ਼ਿਆਦਾ ਕੰਮ ਕੀਤੇ ਹਨ। ਮੋਦੀ ਨੇ ਜਿੰਨੇ ਗਲਤ ਤੇ ਲੋਕ ਵਿਰੋਧੀ ਕੰਮ ਕੀਤੇ, ਉਨ੍ਹਾਂ ਅਜਿਹਾ ਇੱਕ ਵੀ ਕੰਮ ਨਹੀਂ ਕੀਤਾ। ਕੇਜਰੀਵਾਲ ਨੇ ਮੋਦੀ ਨੂੰ ਰਾਮ ਲੀਲਾ ਮੈਦਾਨ ਵਿੱਚ ਇਸ ਸੰਬਧੀ ਦਿੱਲੀ ਦੇ ਲੋਕਾਂ ਸਾਹਮਣੇ ਖੁੱਲ੍ਹੀ ਬਹਿਸ ਲਈ ਚੈਲੰਜ ਵੀ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਭਾਜਪਾ ਨੇ ‘ਆਪ’ ਨੂੰ ਬੂਥ ਪੱਧਰ ’ਤੇ ਬਹਿਸ ਕਰਨ ਦੀ ਚੁਣੌਤੀ ਦੇ ਕੇ ਪਿੱਛਾ ਛੁਡਾ ਲਿਆ ਹੈ।