Arash Info Corporation

ਸਿੱਖਿਆ ਸਕੱਤਰ ਵੱਲੋਂ ਪ੍ਰੀਖਿਆ ਪ੍ਰਬੰਧਾਂ ਦੀ ਨਜ਼ਰਸਾਨੀ

03

March

2019

ਐਸ.ਏ.ਐਸ. ਨਗਰ (ਮੁਹਾਲੀ), ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਵਿੱਚ ਸ਼ੁਰੂ ਹੋਈਆਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸਬੰਧੀ ਸਮੀਖਿਆ ਕੀਤੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਰੋਕਣ ਲਈ ਕੀਤੇ ਪੁਖ਼ਤਾ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਹ ਵੀ ਪਤਾ ਲੱਗਾ ਹੈ ਕਿ ਬੀਤੇ ਦਿਨੀਂ ਸਿੱਖਿਆ ਸਕੱਤਰ ਨੇ ਤਰਨ ਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ-2 ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸਕੱਤਰ ਸਕੂਲ ਦੀ ਅਸੁਰੱਖਿਅਤ ਇਮਾਰਤ ਦੇਖ ਕੇ ਦੰਗ ਰਹਿ ਗਏ, ਜੋ ਮਾਮੂਲੀ ਬਾਰਿਸ਼ ਕਾਰਨ ਵੀ ਚੋਅ ਰਹੀ ਸੀ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖਿਆ ਸਕੱਤਰ ਨੇ ਬੋਰਡ ਮੈਨੇਜਮੈਂਟ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਉਕਤ ਪ੍ਰੀਖਿਆ ਕੇਂਦਰ ਨੂੰ ਕਿਸੇ ਹੋਰ ਢੁੱਕਵੀਂ ਜਗ੍ਹਾ ’ਤੇ ਤਬਦੀਲ ਕਰਨ ਦੀ ਹਦਾਇਤ ਕੀਤੀ। ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਬਾਰ੍ਹਵੀਂ ਸ਼੍ਰੇਣੀ ਲਈ ਦਸਮੇਸ਼ ਪਬਲਿਕ ਹਾਈ ਸਕੂਲ ਮੰਡੀ ਗੁਰੂ ਹਰਸਹਾਏ (ਫਿਰੋਜ਼ਪੁਰ) ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਨੂੰ ਬਦਲ ਕੇ ਐਚਕੇਐਲ ਕਾਲਜ ਆਫ਼ ਨਰਸਿੰਗ, ਗੁਰੂ ਹਰਸਹਾਏ (ਫਿਰੋਜ਼ਪੁਰ) ’ਚ ਸ਼ਿਫ਼ਟ ਕੀਤਾ ਹੈ। ਸੂਤਰਾਂ ਅਨੁਸਾਰ ਉਕਤ ਸਕੂਲ ਬਾਰੇ ਚੇਅਰਮੈਨ ਦਫ਼ਤਰ ਨੂੰ ਸ਼ਿਕਾਇਤ ਮਿਲੀ ਸੀ ਕਿ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆਰਥੀਆਂ ਦੇ ਬੈਠਣ ਲਈ ਪੁਖਤਾ ਪ੍ਰਬੰਧ ਨਹੀਂ ਸਨ ਤੇ ਇਹ ਪ੍ਰੀਖਿਆ ਕੇਂਦਰ ਬਿਲਕੁਲ ਸਰਹੱਦ ਨਾਲ ਵੀ ਲੱਗਦਾ ਸੀ। ਇੰਝ ਹੀ ਸਰਕਾਰੀ ਹਾਈ ਸਕੂਲ ਗੁੱਦੜ ਪੰਜਗਰਾਈਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ, ਜੀਵਾਂ ਅਰਾਈਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਅਤੇ ਸਬੰਧਤ ਸਕੂਲਾਂ ਅਤੇ ਪ੍ਰੀਖਿਆ ਅਮਲੇ ਨੂੰ ਸੂਚਿਤ ਕੀਤਾ ਗਿਆ ਹੈ ਕਿ 5 ਮਾਰਚ ਤੋਂ ਨਵੇਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣ। ਉਨ੍ਹਾਂ ਦੱਸਿਆ ਕਿ ਦਸਵੀਂ ਸ਼੍ਰੇਣੀ ਦੀ 15 ਮਾਰਚ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਵੀ ਬਦਲੀ ਗਏ ਨਵੇਂ ਪ੍ਰੀਖਿਆ ਕੇਂਦਰਾਂ ਵਿੱਚ ਹੀ ਹੋਵੇਗੀ। ਨੋਡਲ ਅਫ਼ਸਰਾਂ ਦੀ ਮੀਟਿੰਗ ਭਲਕੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਕੂਲ ਬੋਰਡ ਦੇ ਚੇਅਰਮੈਨ ਨੇ ਸੋਮਵਾਰ ਨੂੰ ਛੁੱਟੀ ਵਾਲੇ ਦਿਨ ਸਵੇਰੇ 11 ਵਜੇ ਸਿੱਖਿਆ ਬੋਰਡ ਭਵਨ ਦੇ ਕਮੇਟੀ ਰੂਮ ਵਿੱਚ ਪ੍ਰੀਖਿਆ ਸਬੰਧੀ ਤਾਇਨਾਤ ਕੀਤੇ ਗਏ ਸਮੂਹ ਨੋਡਲ ਅਫ਼ਸਰਾਂ ਦੀ ਮੀਟਿੰਗ ਸੱਦੀ ਹੈ।