ਗੁੰਮਸ਼ੁਦਾ ਕਲੋਨਾਈਜ਼ਰ ਦੀ ਨਹੀਂ ਮਿਲੀ ਉੱਘ-ਸੁੱਘ; ਪਰਿਵਾਰ ਪ੍ਰੇਸ਼ਾਨ

03

March

2019

ਬਨੂੜ, ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਮਾਰਗ ਉੱਤੇ ਸਰਦਾਰ ਪ੍ਰਾਪਰਟੀ ਰਾਹੀਂ ਗੋਵਿੰਦ ਐਨਕਲੇਵ ਨਾਂ ਦੀ ਕਾਲੋਨੀ ਕੱਟ ਰਹੇ ਕਲੋਨਾਈਜ਼ਰ ਸੰਪੂਰਨ ਸਿੰਘ ਬਾਰੇ 48 ਘੰਟੇ ਬੀਤਣ ਉਪਰੰਤ ਵੀ ਕੋਈ ਉੱਘ-ਸੁੱਘ ਨਾ ਲੱਗਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪ੍ਰੇਸ਼ਾਨ ਹਨ। ਸ਼ੰਭੂ ਪੁਲੀਸ ਅਤੇ ਸੀਆਈਏ ਰਾਜਪੁਰਾ ਤੇ ਪਟਿਆਲਾ ਦੀਆਂ ਸਾਂਝੀਆਂ ਟੀਮਾਂ ਵੱਲੋਂ ਕਲੋਨਾਈਜ਼ਰ ਦੇ ਭਾਈਵਾਲਾਂ ਅਤੇ ਹੋਰਨਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਪਰ ਅਜੇ ਪੁਲੀਸ ਦੇ ਹੱਥ ਖਾਲੀ ਹਨ। ਕਲੋਨਾਈਜ਼ਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਅਗਵਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੰਪੂਰਨ ਸਿੰਘ ਦੇ ਪੁੱਤਰ ਨਰਵਿੰਦਰ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਉਸ ਦਾ ਪਿਤਾ ਬਨੂੜ ਸਥਿਤ ਆਪਣੇ ਦਫ਼ਤਰ ਵਿੱਚੋਂ ਕਾਰ (ਪੀਬੀ 11 ਐਫ਼ ਸੀ-4635) ਰਾਹੀਂ ਸ਼ਾਮੀਂ ਸਵਾ ਕੁ ਛੇ ਵਜੇ ਤੇਪਲਾ (ਅੰਬਾਲਾ) ਵਿਖੇ ਕਿਸੇ ਨੂੰ ਮਿਲਣ ਗਿਆ ਸੀ। ਉਸਦਾ ਪਿਤਾ ਸਵਾ ਕੁ ਸੱਤ ਵਜੇ ਉੱਥੋਂ ਬਨੂੜ ਵੱਲ ਨੂੰ ਆ ਰਿਹਾ ਸੀ ਪਰ ਦਫ਼ਤਰ ਨਹੀਂ ਪੁੱਜਿਆ। ਪਿਤਾ ਦੇ ਮੋਬਾਈਲ ਉੱਤੋਂ ਰਾਤੀਂ ਸਵਾ ਕੁ ਅੱਠ ਵਜੇ ਉਨ੍ਹਾਂ ਨੂੰ ਫੋਨ ਆਇਆ। ਫੋਨ ਕਰਨ ਵਾਲਾ ਹਿੰਦੀ ਬੋਲ ਰਿਹਾ ਸੀ। ਉਸ ਨੇ ਦੱਸਿਆ ਕਿ ਸੰਪੂਰਨ ਸਿੰਘ ਕੋਲੋਂ ਐਕਸੀਡੈਂਟ ਹੋ ਗਿਆ ਹੈ ਤੇ ਦੋ ਬੰਦੇ ਮਰ ਗਏ ਹਨ। ਉਸ ਦੀ ਗੱਡੀ ਬਾਸਮਾਂ ਪਿੰਡ ਕੋਲ ਖੜ੍ਹੀ ਹੈ। ਨਰਵਿੰਦਰ ਨੇ ਦੱਸਿਆ ਕਿ ਉਸ ਨੇ ਮੁੜ ਆਪਣੇ ਪਿਤਾ ਦੇ ਮੋਬਾਈਲ ’ਤੇ ਫੋਨ ਕੀਤਾ ਪਰ ਉਸ ਵਿਅਕਤੀ ਨੇ ਉਨ੍ਹਾਂ ਦੀ ਇਹ ਕਹਿਕੇ ਗੱਲ ਨਾ ਕਰਾਈ ਕਿ ਐਕਸੀਡੈਂਟ ਕਾਰਨ ਸੰਪੂਰਨ ਸਿੰਘ ਘਬਰਾਏ ਹੋਏ ਹਨ ਤੇ ਗੱਲ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਉਹ ਤੇਜ਼ੀ ਨਾਲ ਜ਼ੀਰਕਪੁਰ ਤੋਂ ਪਿੰਡ ਬਾਸਮਾਂ ਵਿਚ ਗੱਡੀ ਕੋਲ ਪਹੁੰਚ ਗਿਆ ਜਿੱਥੇ ਗੱਡੀ ਖੁੱਲੀ ਖੜ੍ਹੀ ਸੀ ਤੇ ਉਸ ਵਿੱਚ ਚਾਬੀ ਨਹੀਂ ਸੀ। ਨਰਵਿੰਦਰ ਨੇ ਦੱਸਿਆ ਕਿ ਪਿਤਾ ਦਾ ਮੋਬਾਈਲ ਬੰਦ ਸੀ। ਇਸ ਦੌਰਾਨ ਰਿਸ਼ਤੇਦਾਰਾਂ ਵੀ ਉੱਥੇ ਪੁੱਜ ਗਏ ਤੇ ਮਾਮਲੇ ਬਾਰੇ ਸ਼ੰਭੂ ਥਾਣੇ ਸੂਚਿਤ ਕੀਤਾ ਗਿਆ। ਸੰਪੂਰਨ ਸਿੰਘ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਰਾਤੀਂਂ 12 ਵਜੇ ਦੇ ਕਰੀਬ ਉਹ ਸਾਰੇ ਸੰਭੂ ਥਾਣੇ ਹੀ ਬੈਠੇ ਸਨ ਕਿ ਮੁੜ ਨਰਵਿੰਦਰ ਸਿੰਘ ਦੇ ਮੋਬਾਈਲ ਉੱਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਕਿ ਆਪਣੇ ਪਿਤਾ ਨਾਲ ਗੱਲ ਕਰੋ। ਨਰਵਿੰਦਰ ਅਨੁਸਾਰ ਬੋਲਣ ਵਾਲਾ ਹਿੰਦੀ ਬੋਲ ਰਿਹਾ ਸੀ ਤੇ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ਘਬਰਾਓ ਨਾ ਉਹ ਸਵੇਰੇ ਆ ਜਾਣਗੇ, ਜਦੋਂ ਕਿ ਉਨ੍ਹਾਂ ਦਾ ਪਿਤਾ ਕਦੇ ਹਿੰਦੀ ਨਹੀਂ ਬੋਲਿਆ। ਨਰਵਿੰਦਰ ਅਨੁਸਾਰ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ ਲੱਗ ਰਿਹਾ ਤੇ ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਕੇਸ ਦੀ ਹਰ ਪੱਖੋਂ ਜਾਂਚ ਜਾਰੀ: ਥਾਣਾ ਮੁਖੀ ਥਾਣਾ ਸ਼ੰਭੂ ਦੇ ਐੱਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਪੂਰਨ ਸਿੰਘ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਬਾਰੀਕੀ ਨਾਲ ਮਾਮਲੇ ਦੇ ਵੱਖ ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕੇਸ ਹੱਲ ਕਰ ਲਿਆ ਜਾਵੇਗਾ।