ਅੰਗਰੇਜ਼ੀ ਦਾ ਪ੍ਰੀਖਿਆ ਪੱਤਰ ਸਿਲੇਬਸ ਤੋਂ ਬਾਹਰ

03

March

2019

ਚੰਡੀਗੜ੍ਹ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂੇਕਸ਼ਨ (ਸੀਬੀਐੱਸਈ) ਵੱਲੋਂ ਅੱਜ ਬਾਰ੍ਹਵੀਂ ਜਮਾਤ ਵਿਚ ਅੰਗਰੇਜ਼ੀ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿਲੇਬਸ ਤੋਂ ਬਾਹਰੀ ਸਵਾਲ ਆਉਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋਏ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਗਰੇਸ ਮਾਰਕਸ ਦੇਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਕੋਰ ਦੀ ਪ੍ਰੀਖਿਆ ਸੀ। ਸੀਬੀਐਸਈ ਦੇ ਸਿਲੇਬਸ ਅਨੁਸਾਰ ਇਸ ਵਿਸ਼ੇ ਦੇ ਸਿਲੇਬਸ ਵਿਚ ਦੋ ਨਾਵਲ ਐਚ ਜੀ ਵੈਲਜ਼ ਦਾ ‘ਦਿ ਇਨਵਿਜ਼ੀਬਲ ਮੈਨ’ ਤੇ ਜਾਰਜ ਇਲੀਅਟ ਦਾ ‘ਸਾਇਲਸ ਮਾਰਨਰ’ ਹਨ ਤੇ ਹਰ ਵਿਦਿਆਰਥੀ ਨੂੰ ਦੋਹਾਂ ਵਿਚੋਂ ਇਕ ਹੀ ਨਾਵਲ ਪੜ੍ਹਨਾ ਲੋੜੀਂਦਾ ਹੁੰਦਾ ਹੈ ਤੇ ਫਾਈਨਲ ਪ੍ਰੀਖਿਆ ਵਿਚ ਵੀ ਦੋਹਾਂ ਨਾਵਲਾਂ ਵਿਚੋਂ ਹੀ ਇਕ ਇਕ ਸਵਾਲ ਆਉਂਦੇ ਹਨ ਤੇ ਵਿਦਿਆਰਥੀਆਂ ਨੂੰ ਦੋਹਾਂ ਵਿਚੋਂ ਇਕ ਸਵਾਲ ਕਰਨ ਦਾ ਵਿਕਲਪ ਦਿੱਤਾ ਜਾਂਦਾ ਹੈ ਪਰ ਅੱਜ ਦੋਹਾਂ ਨਾਵਲਾਂ ਵਿਚੋਂ ਇਕ ਇਕ ਸਵਾਲ ਆਇਆ ਤੇ ਦੋਵੇਂ ਸਵਾਲ ਜ਼ਰੂਰੀ ਕਰਾਰ ਦਿੱਤੇ ਗਏ ਤੇ ਉਨ੍ਹਾਂ ਵਿਚੋੋਂ ਕਿਸੇ ਵਿਚ ਵੀ ਵਿਕਲਪ ਨਹੀਂ ਦਿੱਤਾ ਗਿਆ। ਸੀਪੀਏ ਨੇ ਸੀਬੀਐੱਸਈ ਨੂੰ ਪੱਤਰ ਲਿਖਿਆ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ (ਸੀਪੀਏ) ਨੇ ਵੱਡੀ ਗਿਣਤੀ ਵਿਦਿਆਰਥੀਆਂ ਵਲੋਂ ਸ਼ਿਕਾਇਤਾਂ ਮਿਲਣ ਮਗਰੋਂ ਸੀਬੀਐਸਈ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਛੇ ਅੰਕਾਂ ਦਾ ਸਿਲੇਬਸ ਤੋਂ ਬਾਹਰੀ ਸਵਾਲ ਆਉਣ ’ਤੇ ਗਰੇਸ ਅੰਕ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 6 ਅੰਕਾਂ ਦਾ ਸਵਾਲ ਬਿਨਾਂ ਹੱਲ ਕੀਤੇ ਛੱਡਣਾ ਪਿਆ ਜਿਸ ਵਿਚ ਵਿਦਿਆਰਥੀਆਂ ਦੀ ਕੋਈ ਗਲਤੀ ਨਹੀਂ ਸੀ। ਪ੍ਰੀਖਿਆ ਕੰਟਰੋਲਰ ਨੂੰ ਜਾਂਚ ਕਰਨ ਲਈ ਕਿਹਾ: ਅਧਿਕਾਰੀ ਸੀਬੀਐੱਸਈ ਦੇ ਪੰਚਕੂਲਾ ਦੇ ਅਧਿਕਾਰੀ ਆਰ. ਜੇ. ਖਾਂਡੇਰਾਓ ਨੇ ਦੱਸਿਆ ਕਿ ਇਸ ਸਬੰਧ ਵਿਚ ਸੀਬੀਐੱਸਈ ਨੇ ਮਾਮਲਾ ਪ੍ਰੀਖਿਆ ਕੰਟਰੋਲਰ ਨੂੰ ਭੇਜ ਦਿੱਤਾ ਹੈ ਤੇ ਗਰੇਸ ਮਾਰਕਸ ਬਾਰੇ ਫੈਸਲਾ ਉਨ੍ਹਾਂ ਵਲੋਂ ਹੀ ਲਿਆ ਜਾਵੇਗਾ। ਭਵਨ ਵਿਦਿਆਲਿਆ ਦੇ ਕਰਨ ਮਰਵਾਹ ਨੇ ਦੱਸਿਆ ਕਿ ਸਾਰੀ ਜਮਾਤ ਦੇ ਵਿਦਿਆਰਥੀਆਂ ਨੇ ਛੇ ਅੰਕਾਂ ਦਾ ਸਵਾਲ ਹੱਲ ਹੀ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਸਿਰਫ ‘ਦਿ ਇਨਵਿਜ਼ੀਬਲ ਮੈਨ’ ਨਾਵਲ ਹੀ ਪੜ੍ਹਿਆ ਸੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਦੀ ਪਲਵੀ ਨੇ ਕਿਹਾ ਕਿ ਸਵਾਲ ਨੰਬਰ-11 ਤੇ 12 ਇਕੋ ਨਾਵਲ ਵਿਚੋਂ ਦਿੱਤੇ ਗਏ ਸਨ। ਉਸ ਨੇ ਸਿਲੇਬਸ ਤੋਂ ਸਵਾਲ ਬਾਹਰੋਂ ਆਉਣ ਕਾਰਨ ਗਰੇਸ ਮਾਰਕਸ ਦੀ ਮੰਗ ਕੀਤੀ।