ਸਪੀਕਰ ਦੇ ਵਤੀਰੇ ਵਿਰੁੱਧ ‘ਆਪ’ ਵਿਧਾਇਕਾਂ ਵੱਲੋਂ ਵਾਕਆਊਟ

26

February

2019

ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਵਿੱਚ ਕਟੌਤੀ ਪ੍ਰਸਤਾਵ (ਕੱਟ ਮੋਸ਼ਨ) ਦੌਰਾਨ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਲਈ ਕਥਿਤ ਤੌਰ ’ਤੇ ਵਰਤੇ ਇਤਰਾਜ਼ਯੋਗ ਲਫ਼ਜ਼ਾਂ ਵਿਰੁੱਧ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕੀਤਾ। ਸਦਨ ਤੋਂ ਬਾਹਰ ਸ੍ਰੀ ਚੀਮਾ, ਸਰਬਜੀਤ ਕੌਰ ਮਾਣੂੰਕੇ ਅਤੇ ਅਮਨ ਅਰੋੜਾ ਨੇ ਦੱਸਿਆ ਕਿ ‘ਕਟੌਤੀ ਪ੍ਰਸਤਾਵ’ ਦੌਰਾਨ ਸ੍ਰੀ ਸੰਧਵਾਂ ਵੱਲੋਂ ਦਲਿਤ ਲੜਕੀਆਂ ਦੇ ਲੰਬੇ ਸਮੇਂ ਤੋਂ ਸ਼ਗਨ ਸਕੀਮ ਦੀ ਲੰਬਿਤ ਪਈ ਰਾਸ਼ੀ ਜਾਰੀ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਕਟੌਤੀ ਪ੍ਰਸਤਾਵ ਲਿਆਂਦਾ ਤਾਂ ਸਪੀਕਰ ਨੇ ਇਤਰਾਜ਼ਯੋਗ ਲਫ਼ਜ਼ ਵਰਤਦਿਆਂ ਇਸ ਨੂੰ ਫ਼ਜ਼ੂਲ ਦੱਸਿਆ। ਸਪੀਕਰ ਦਾ ਵਿਰੋਧ ਕਰਦੇ ਹੋਏ ‘ਆਪ’ ਵਿਧਾਇਕ ਸਪੀਕਰ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਰੋਸ ਵਜੋਂ ਸਦਨ ’ਚੋਂ ਵਾਕਆਊਟ ਕੀਤਾ। ਉਨ੍ਹਾਂ ਸਪੀਕਰ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਸਪੀਕਰ ਨੇ ਵਿਧਾਨ ਸਭਾ ਦੀ ਨਿਯਮਾਵਲੀ ਦੀਆਂ ਧੱਜੀਆਂ ਉਡਾਉਂਦੇ ਹੋਏ ‘ਆਪ’ ਵਿਧਾਇਕਾਂ ਨਾਲ ਪ੍ਰਸ਼ਨ ਕਾਲ, ਸਿਫ਼ਰ ਕਾਲ, ਧਿਆਨ ਦਿਵਾਊ ਮਤੇ, ਜ਼ਿਮਨੀ ਸਵਾਲਾਂ, ਪੁਆਇੰਟ ਆਫ਼ ਆਰਡਰ ਅਤੇ ਕਟੌਤੀ ਪ੍ਰਸਤਾਵਾਂ ਸਮੇਤ ਹਰ ਕਦਮ ’ਤੇ ਵਿਤਕਰਾ ਕੀਤਾ। ਇਸ ਦੌਰਾਨ ‘ਆਪ’ ਨੇ ਕਾਂਗਰਸ ਵੱਲੋਂ ਪੰਜਾਬ ਵਿੱਚ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਲਗਾ ਕੇ ਉਨ੍ਹਾਂ ਰਾਹੀਂ ਸਰਕਾਰੀ ਕਾਰਜ ਕਰਵਾਉਣ ਦਾ ਵਿਰੋਧ ’ਚ ਅਤੇ ਤਨਖ਼ਾਹਾਂ ਭੱਤੇ ਤੇ ਸੋਧਣ ਬਿੱਲ ’ਤੇ ਵਿਧਾਇਕਾਂ ਦੀ ਸੰਪਤੀ ਦਾ ਵੇਰਵਾ ਦੇਣ ਲਈ ਕੈਲੰਡਰ ਵਰ੍ਹੇ ਦੀ ਥਾਂ ਵਿੱਤੀ ਵਰ੍ਹੇ ਅਨੁਸਾਰ ਨਿਰਧਾਰਿਤ ਕਰਨ ਅਤੇ ਅਚੱਲ ਦੇ ਨਾਲ ਚੱਲ ਸੰਪਤੀ ਦੇ ਵੇਰਵੇ ਵੀ ਜ਼ਰੂਰੀ ਕਰਨ ਦੀ ਮੰਗ ਨਾ ਮੰਨੇ ਜਾਣ ਦਾ ਵਿਰੋਧ ਕਰਦੇ ਹੋਏ ਵਾਕਆਊਟ ਕੀਤਾ। ਅਮਨ ਅਰੋੜਾ ਨੇ ਲਾਊਡ ਸਪੀਕਰਾਂ ਦਾ ਮੁੱਦਾ ਚੁੱਕਿਆ ਸੁਨਾਮ ਤੋਂ ‘ਆਪ‘ ਦੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਵਿਚ ਲਾਊਡ ਸਪੀਕਰਾਂ ਨਾਲ ਹੋ ਰਹੇ ਸ਼ੋਰ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਇਸ ਮੁੱਦੇ ‘ਤੇ ਧਿਆਨ ਦਿਵਾਊ ਮਤਾ ਲਿਆਉਂਦਿਆਂ ਅਰੋੜਾ ਨੇ ਕਿਹਾ ਕਿ ਲਾਊਡ ਸਪੀਕਰ ਨਾਲ ਹੋ ਰਹੇ ਸ਼ੋਰ ਪ੍ਰਦੂਸ਼ਣ ਦਾ ਮੁੱਦਾ ਅਤਿ ਗੰਭੀਰ ਹੈ ਅਤੇ ਇਸ ਸੰਬੰਧੀ ਉਹ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਵੀ ਮੁੱਦਾ ਉਠਾ ਚੁੱਕੇ ਹਨ ਪਰੰਤੂ ਇਸ ‘ਤੇ ਕੋਈ ਕੋਈ ਕਾਰਵਾਈ ਨਹੀਂ ਹੋਈ।