ਚੰਡੀਗੜ੍ਹ ’ਚ ਅਵਾਰਾ ਕੁੱਤਿਆ ਦੀ ਸਮੱਸਿਆ ਹੋਈ ਗੰਭੀਰ

26

February

2019

ਚੰਡੀਗੜ੍ਹ, ਚੰਡੀਗੜ੍ਹ ਵਿੱਚ ਅਵਾਰਾ ਕੁੱਤਿਆ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਰਿਹਾ ਹੈ। (ਪੀਪਲਜ ਫਾਰ ਰੀਵੇਕ ਆਫ ਆਲ ਨੇਸ਼ਨ (ਪ੍ਰਣ) ਸੰਗਠਨ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਲੱਕੀ ਨੇ ਚੰਡੀਗੜ੍ਹ ਪ੍ਰਸ਼ਨ ਸਣੇ ਨਗਰ ਨਿਗਮ ਸਿਰ ਦੋਸ਼ ਲਾਇਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤੇ ਸਹਿਰ ਦੇ ਹਰ ਗਲੀ ਮੁਹੱਲੇ, ਪਾਰਕਾਂ, ਫੁੱਟਪਾਥਾਂ ਤੇ ਵੱਡੀ ਗਿਣਤੀ ਵਿੱਚ ਘੁੰਮਦੇ ਮਿਲਦੇ ਹਨ। ਇਨ੍ਹਾਂ ਹੀ ਨਹੀਂ ਇਹ ਅਵਾਰਾ ਕੁੱਤੇ ਕੂੜੇਦਾਨਾਂ ਵਿੱਚੋਂ ਕੂੜਾ ਕੱਢ ਕੇ ਖਿਲਾਰ ਦਿੰਦੇ ਹਨ, ਜਿਸ ਕਾਰਨ ਗੰਦਗੀ ਫੈਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤੇ ਅਕਸਰ ਆਪਣੇ ਨੇੜੇ ਤੋਂ ਲੱਗਣ ਵਾਲੇ ਵਾਹਨਾਂ ਦੇ ਪਿੱਛੇ ਵੀ ਭੱਜਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਈਂ ਵਾਰ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜਸਵਿੰਦਰ ਲੱਕੀ ਨੇ ਕਿਹਾ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੇ ਆਤੰਕ ਕਾਰਨ ਛੋਟੇ ਬੱਚੇ ਤੇ ਬਜ਼ੁਰਗ ਘਰੋਂ ਬਾਹਰ ਨਿਕਲਣ ਤੋਂ ਕਤਰਾਉਂਦੇ ਹਨ ਤੇ ਮਜ਼ਬੂਰੀ ਵਿੱਚ ਹੀ ਘਰੋਂ ਬਾਰਹ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਵਧ ਰਹੀ ਆਵਾਰਾ ਕੁੱਤਿਆ ਦੀ ਸਮੱਸਿਆ ’ਤੇ ਕਾਬੂ ਪਾਇਆ ਜਾਵੇ।