Arash Info Corporation

ਦੋ ਦਿਨਾਂ ਦੇ ਬੱਚੇ ਦੀ ਰੋਬੋਟ ਨਾਲ ਸਰਜਰੀ

20

February

2019

ਚੰਡੀਗੜ੍ਹ, ਪੀਜੀਆਈ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਰੋਬੋਟ ਨਾਲ ਸਰਜਰੀ ਕਰ ਕੇ ਏਸ਼ੀਆ ਪੱਧਰ ’ਤੇ ਸੰਸਥਾ ਦਾ ਨਾਮ ਚਮਕਾਇਆ ਹੈ। ਪੀਜੀਆਈ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਏਸ਼ੀਆ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੋ ਦਿਨਾਂ ਦੇ ਬੱਚੇ ਦੀ ਰੋਬੋਟ ਨਾਲ ਸਰਜਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਬੱਚੇ ਦੀ ਜਨਮ ਤੋਂ ਹੀ ਖੁਰਾਕ ਨਾਲੀ ਨਹੀਂ ਸੀ, ਜਿਸ ਕਰਕੇ ਉਹ ਫੀਡ ਨਹੀਂ ਲੈ ਰਿਹਾ ਸੀ। ਇਸ ਬੱਚੇ ਦਾ ਜਨਮ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦੋ ਦਿਨ ਪਹਿਲਾਂ ਹੋਇਆ ਸੀ ਅਤੇ ਜਨਮ ਸਮੇਂ ਬੱਚੇ ਦਾ ਭਾਰ ਢਾਈ ਕਿੱਲੋ ਸੀ। ਮੈਡੀਕਲ ਸੂਤਰਾਂ ਅਨੁਸਾਰ ਜਿਨ੍ਹਾਂ ਬੱਚਿਆਂ ਦੀ ਖੁਰਾਕ ਨਾਲੀ ਜਨਮ ਵੇਲੇ ਮੌਜੂਦ ਨਹੀਂ ਹੁੰਦੀ, ਉਨ੍ਹਾਂ ਬੱਚਿਆਂ ਦਾ ਛਾਤੀ ਰਾਹੀਂ ਅਪਰੇਸ਼ਨ ਕੀਤਾ ਜਾਂਦਾ ਹੈ, ਪਰ ਇਸ ਬੱਚੇ ਦੀ ਰੋਬੋਟ ਨਾਲ ਕੀਤੀ ਗਈ ਸਰਜਰੀ ਨੇ ਏਸ਼ੀਆ ਵਿਚ ਇਤਿਹਾਸ ਸਿਰਜਿਆ ਹੈ। ਪੀਜੀਆਈ ਵਿਚ ਬੱਚਿਆਂ ਦੇ ਰੋਗਾਂ ਨਾਲ ਨਜਿੱਠਣ ਵਾਲਾ ਵਿਭਾਗ 1980 ਤੋਂ ਸਰਜਰੀ ਰਾਹੀਂ ਹੀ ਇਸ ਰੋਗ ਦਾ ਇਲਾਜ ਕਰਦਾ ਆ ਰਿਹਾ ਹੈ ਅਤੇ ਪੂਰੇ ਦੇਸ਼ ਵਿਚੋਂ ਬੱਚੇ, ਜਿਨ੍ਹਾਂ ਦੀ ਖੁਰਾਕ ਨਾਲੀ ਨਹੀਂ ਹੁੰਦੀ, ਉਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਜਾਂਦਾ ਹੈ। ਪੀਜੀਆਈ ਵਿਚ ਹਰ ਸਾਲ 250 ਅਜਿਹੇ ਬੱਚਿਆਂ ਦੇ ਅਪਰੇਸ਼ਨ ਕੀਤੇ ਜਾਂਦੇ ਹਨ। ਮੌਜੂਦਾ ਕੇਸ ਵਿਚ ਡਾਕਟਰ ਰਵੀ ਕਨੋਜੀਆ ਅਤੇ ਐਨਸਥੀਸਿਸਟ ਪ੍ਰੋ. ਨੀਰਜਾ ਭਾਰਦਵਾਜ ਨੇ ਬੱਚੇ ਦੀ ਰੋਬੋਟ ਸਰਜਰੀ ਕਰਨ ਵਿਚ ਅਹਿਮ ਯੋਗਦਾਨ ਪਾਇਆ। ਸਰਜਰੀ ਮਗਰੋਂ ਬੱਚੇ ਦੀ ਦੇਖਭਾਲ ਪੈਡੀਐਟਰਿਕਸ ਵਿਭਾਗ ਵੱਲੋਂ ਕੀਤੀ ਗਈ ਅਤੇ ਹੁਣ ਬੱਚਾ ਫੀਡ ਲੈਣ ਲੱਗ ਪਿਆ ਹੈ, ਜਿਸ ਮਗਰੋਂ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਬੱਚੇ ਦਾ ਪਿਤਾ ਪੀਜੀਆਈ ਵਿਚ ਹੀ ਸੁਰੱਖਿਆ ਗਾਰਡ ਵਜੋਂ ਤਾਇਨਾਤ ਹੈ ਅਤੇ ਇਸ ਬੱਚੇ ਦਾ ਮੁਫ਼ਤ ਵਿਚ ਇਲਾਜ ਕੀਤਾ ਗਿਆ ਹੈ।