ਕਸ਼ਮੀਰੀ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੀ ਸਿੰਘ ਸਭਾ

20

February

2019

ਚੰਡੀਗੜ੍ਹ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਪੁਲਵਾਮਾ ਘਟਨਾ ਤੋਂ ਬਾਅਦ ਇਥੇ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੰਖਿਆ ਪ੍ਰਦਾਨ ਕਰਦਿਆਂ ਆਪਣੇ ਵੱਲੋਂ ਰਿਹਾਇਸ਼ ਤੇ ਖਾਣਾ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ ਜਿਵੇਂ ਕਿ 1675 ਵਿਚ ਕਸ਼ਮੀਰੀ ਪੰਡਿਤਾਂ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਕਸ਼ਮੀਰੀ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਹਾਕਮ ਜਮਾਤ ਨਾਲ ਜੁੜੇ ਵਰਗਾਂ ਦੀ ਧਕੇਸ਼ਾਹੀ ਦਾ ਵਰਤਾਰਾ ਉਸੇ ਤਰਜ਼ ’ਤੇ ਹੋ ਰਿਹਾ ਹੈ ਜਿਵੇਂ 350 ਸਾਲ ਪਹਿਲਾਂ ਵਾਪਰਦਾ ਰਿਹਾ ਸੀ। ਇਸ ਮੌਕੇ ਸਿੰਘ ਸਭਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ। ਸਿੰਘ ਸਭਾ ਨੇ ਕਸ਼ਮੀਰੀਆਂ ਵਿਰੁੱਧ ਮੁਹਿੰਮ ਚਲਾਉਣ ਵਾਲੀਆਂ ਧਿਰਾਂ ਨੂੰ ਕਿਹਾ ਕਿ ਉਹ ਨਿਰਦੋਸ਼ ਕਸ਼ਮੀਰੀਆਂ ਨੂੰ ਭਾਰਤ ਦੇ ਹੋਰ ਸੂੁਬਿਆਂ ਵਿਚੋਂ ਬਾਹਰ ਧੱਕ ਕੇ ਉਲਟਾ ਉਨ੍ਹਾਂ ਵਿਚ ਬਿਗਾਨਗੀ ਦੀਆਂ ਭਾਵਨਾਵਾਂ ਪੈਦਾ ਕਰ ਰਹੀਆਂ ਰਹੀਆਂ ਹਨ, ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਇਥੇ ਰਹਿੰਦੇ ਜੰਮੂ-ਕਸ਼ਮੀਰ ਦੇ ਪਿਛੋਕੜ ਵਾਲੇ ਵਿਅਕਤੀਆਂ ਨਾਲ ਪੁਲੀਸ ਹੈੱਡਕੁਆਰਟਰ ਵਿਚ ਮੀਟਿੰਗ ਕਰਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀਆਈਜੀ ਡਾ. ਓਪੀ ਮਿਸ਼ਰਾ ਅਤੇ ਐੱਸਐੱਸਪੀ ਸਸ਼ਾਂਕ ਆਨੰਦ ਵੀ ਮੌਜੂਦ ਸਨ। ਮੀਟਿੰਗ ਵਿਚ ਮੌਜੂਦ ਕਸ਼ਮੀਰੀਆਂ ਨੇ ਸ਼ਹੀਦ ਸੀਆਰਪੀਐਫ ਦੇ ਜਵਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜ਼ਲੀ ਵੀ ਦਿੱਤੀ। ਇਸ ਮੌਕੇ ਸ੍ਰੀ ਬੈਨੀਵਾਲ ਨੇ ਸਮੂਹ ਪੁਲੀਸ ਸਬ-ਡਵੀਜਨਾਂ ਦੇ ਡੀਐੱਸਪੀਜ਼ ਅਤੇ ਥਾਣਿਆਂ ਦੇ ਮੁਖੀਆਂ ਨੂੰ ਲੋਕਾਂ ਵਿਚ ਸਵੈ-ਵਿਸਵਾਸ਼ ਪੈਦਾ ਕਰਨ ਲਈ ਮੀਟਿੰਗ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ।