Arash Info Corporation

ਪਾਰਕਿੰਗ ਫੀਸ ਵਸੂਲਣ ਲਈ ਨਿਗਮ ਦੇ ਮੁਲਾਜ਼ਮ ਤਾਇਨਾਤ

20

February

2019

ਚੰਡੀਗੜ੍ਹ, ਇਥੇ ਪੇਡ ਪਾਰਕਿੰਗਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰੀਆ ਟੌਲ ਇਨਫਰਾ ਲਿਮਟਿਡ ਦਾ ਠੇਕਾ ਰੱਦ ਕਰਨ ਤੋਂ ਬਾਅਦ ਅੱਜ ਨਗਰ ਨਿਗਮ ਨੇ ਸ਼ਹਿਰ ਦੀਆਂ 25 ਪੇਡ ਪਾਰਕਿੰਗਾਂ ਨੂੰ ਕਬਜ਼ੇ ਵਿੱਚ ਲੈ ਕੇ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ। ਨਗਰ ਨਿਗਮ ਦੇ ਕਰਮਚਾਰੀਆਂ ਨੇ ਵਾਹਨ ਪਾਰਕਿੰਗ ਲਈ ਠੇਕੇਦਾਰ ਵਲੋਂ ਲਈ ਜਾਂਦੀ ਫੀਸ ਹੀ ਵਸੂਲੀ। ਪਾਰਕਿੰਗ ਲਈ ਦੋ ਪਹੀਆ ਵਾਹਨ ਚਾਲਕਾਂ ਤੋਂ ਦਸ ਰੁਪਏ ਅਤੇ ਚਾਰ ਪਹੀਆ ਵਾਹਨ ਚਾਲਕਾਂ ਤੋਂ 20 ਰੁਪਏ ਵਸੂਲੇ ਗਏ। ਨਿਗਮ ਨੇ ਲੰਘੇ ਦਿਨ ਚੰਡੀਗੜ੍ਹ ਵਿੱਚ 25 ਪੇਡ ਪਾਰਕਿੰਗਾਂ ਦਾ ਸੰਚਾਲਨ ਕਰ ਰਹੀ ਆਰੀਆ ਟੋਲ ਇਨਫਰਾ ਦੇ ਨਾਲ ਕੀਤੇ ਗਏ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ ਅਤੇ ਨਿਗਮ ਦੇ ਫੈਸਲੇ ਅਨੁਸਾਰ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦਾ ਸੰਚਾਲਨ ਫ਼ਿਲਹਾਲ ਨਿਗਮ ਵਲੋਂ ਹੀ ਕੀਤਾ ਜਾਵੇਗਾ। ਕੰਪਨੀ ਵੱਲੋਂ ਨਿਗਮ ਨੂੰ ਪਾਰਕਿੰਗ ਠੇਕੇ ਦੀ ਕਿਸ਼ਤ ਵਜੋਂ ਦਿੱਤਾ ਇਕ ਕਰੋੜ ਰੁਪਏ ਦਾ ਚੈੱਕ ਬਾਊਂਸ ਹੋਣ ਕਾਰਨ ਨਿਗਮ ਨੇ ਉਪਰੋਕਤ ਫੈਸਲਾ ਲਿਆ ਹੈ। ਨਗਰ ਨਿਗਮ ਦੇ ਵਧੀਕ ਕਮਿਸ਼ਨਰ ਤਿਲਕ ਰਾਜ ਨੇ ਦੱਸਿਆ ਕਿ ਪੇਡ ਪਾਰਕਿੰਗ ਦੇ ਸੰਚਾਲਨ ਲਈ ਨਗਰ ਨਿਗਮ ਦੇ ਇਜਨੀਅਰਿੰਗ ਅਤੇ ਐਨਫੋਰਸਮੇਂਟ ਵਿਭਾਗ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪਾਰਕਿੰਗ ਫੀਸ ਘਟਣ ਦੇ ਆਸਾਰ ਨਿਗਮ ਵਲੋਂ ਅੱਜ ਵਸੂਲੀ ਜਾ ਰਹੀ ਵਾਹਨ ਪਾਰਕਿੰਗ ਫੀਸ ਨੂੰ ਲੈਕੇ ਲੋਕਾਂ ਨੇ ਜਦੋਂ ਇਸ ਦੀ ਸ਼ਿਕਾਇਤ ਸੰਸਦ ਮੈਂਬਰ ਕਿਰਨ ਖੇਰ ਨੂੰ ਕੀਤੀ ਤਾਂ ਕਿਰਨ ਖੇਰ ਖੁਦ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਸੈਕਟਰ-35 ਦੀ ਪੇਡ ਪਾਰਕਿੰਗ ਵਿੱਚ ਗਈ। ਜਦੋਂ ਉਨ੍ਹਾਂ ਤੋਂ ਪਾਰਕਿੰਗ ਵਿੱਚ ਤਾਇਨਾਤ ਵਿਅਕਤੀ ਨੇ ਪਾਰਕਿੰਗ ਲਈ 20 ਰੁਪਏ ਮੰਗੇ ਗਏ ਤਾਂ ਸ਼੍ਰੀਮਤੀ ਖੇਰ ਨੇ ਸਬੰਧਤ ਕਰਮਚਾਰੀ ਤੋਂ ਪੁੱਛਿਆ ਕਿ 20 ਰੁਪਏ ਕਿਸ ਗੱਲ ਲਈ ਲਏ ਜਾ ਰਹੇ ਹਨ ਜਦੋਂ ਕਿ ਪਾਰਕਿੰਗ ਸਮਾਰਟ ਨਹੀਂ ਹੈ। ਉਨ੍ਹਾਂ ਨੇ ਮੇਅਰ ਰਾਜੇਸ਼ ਕਾਲੀਆ ਨੂੰ ਵੀ ਫੋਨ ਕਰਕੇ ਪਾਰਕਿੰਗ ਫੀਸ ਘਟਾਉਣ ਲਈ ਕਿਹਾ। ਸ਼੍ਰੀ ਕਾਲੀਆ ਨੇ ਕਿਹਾ ਕਿ ਨਿਗਮ ਹਾਊਸ ਦੀ 28 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪੇਸ਼ ਕੀਤਾ ਜਾਵੇਗਾ। ਜਲ ਸਪਲਾਈ ਨਹੀਂ ਹੋਈ ਪੂਰੀ ਤਰ੍ਹਾਂ ਬਹਾਲ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਅੱਜ ਪੂਰੀ ਤਰ੍ਹਾਂ ਬਹਾਲ ਨਹੀਂ ਕੀਤੀ ਜਾ ਸਕੀ। ਨਿਗਮ ਤੋਂ ਪ੍ਰਾਪਤ ਸੂਚਨਾ ਅਨੁਸਾਰ 20 ਫਰਵਰੀ ਨੂੰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਰਹੇਗੀ। ਨਿਗਮ ਦੇ ਜਨ ਸਿਹਤ ਵਿਭਾਗ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਇਸ ਦਿਨ ਸਵੇਰ ਤੇ ਸ਼ਾਮ ਤੱਕ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਰਹੇਗੀ। ਸ਼ਹਿਰ ਵਾਸੀ ਲੋੜ ਪੈਣ ’ਤੇ ਨਿਗਮ ਤੋਂ ਪਾਣੀ ਦੇ ਟੈਂਕਰ ਮੰਗਵਾ ਸਕਦੇ ਹਨ।