ਰੁੱਤ ਚੋਣਾਂ ਦੀ ਆਈ ਤਾਂ ਪਾਰਟੀਆਂ ਨੂੰ ਪੰਜਾਬੀ ਯਾਦ ਆਈ

05

February

2019

ਚੰਡੀਗੜ੍ਹ, ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਨੂੰ ਵਿਸਾਰਨ ਵਾਲੀਆਂ ਚੰਡੀਗੜ੍ਹ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹੁਣ ਚੋਣਾਂ ਨੇੜੇ ਆਉਣ ਕਾਰਨ ਵੋਟਾਂ ਬਟੋਰਣ ਲਈ ਥੋੜ੍ਹੀ-ਥੋੜ੍ਹੀ ਪੰਜਾਬੀ ਭਾਸ਼ਾ ਯਾਦ ਆਉਣ ਲੱਗੀ ਹੈ। ਇਥੋਂ ਦੀਆਂ ਦੋ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਭਾਜਪਾ ਜਿਥੇ ਆਪਣੇ ਕਾਰ ਵਿਹਾਰ ’ਚੋਂ ਪੰਜਾਬੀ ਭਾਸ਼ਾ ਨੂੰ ਨਿਕਾਲਾ ਦੇ ਕੇ ਰੱਖਦੀਆਂ ਹਨ ਉਥੇ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਨੂੰ ਹਟਾ ਕੇ ਪੰਜਾਬੀ ਨੂੰ ਇਹ ਰੁਤਬਾ ਦਿਵਾਉਣ ਤੋਂ ਵੀ ਫੇਲ੍ਹ ਰਹੀਆਂ ਹਨ। ਇਨ੍ਹਾਂ ਪਾਰਟੀਆਂ ਦੇ ਪ੍ਰੈੱਸ ਬਿਆਨ ਵੀ ਹਮੇਸ਼ਾ ਅੰਗਰੇਜ਼ੀ ਤੇ ਹਿੰਦੀ ’ਚ ਹੀ ਹੁੰਦੇ ਸਨ ਤੇ ਸੰਘਰਸ਼ਾਂ ਦੌਰਾਨ ਇਨ੍ਹਾਂ ਦੇ ਬੈਨਰ ਤੇ ਬੋਰਡ ਵੀ ਕੇਵਲ ਅੰਗਰੇਜ਼ੀ ਤੇ ਹਿੰਦੀ ’ਚ ਹੀ ਲਿਖੇ ਜਾਂਦੇ ਹਨ। ਇਹ ਦੋਵੇਂ ਪਾਰਟੀਆਂ ਨਗਰ ਨਿਗਮ ਤੇ ਲੋਕ ਸਭਾ ਚੋਣਾਂ ਦੌਰਾਨ ਪੰਜਾਬੀ ਹਿਤੈਸ਼ੀਆਂ ਦੇ ਗੁੱਸੇ ਤੋਂ ਬਚਣ ਤੇ ਆਪਣੇ-ਆਪ ਨੂੰ ਪੰਜਾਬੀ ਭਾਸ਼ਾ ਦੇ ਹਾਮੀ ਹੋਣ ਦਾ ਵਿਖਾਵਾ ਕਰਨ ਲਈ ਜਿਥੇ ਕੁਝ ਸਮੇਂ ਲਈ ਪ੍ਰੈਸ ਬਿਆਨ ਪੰਜਾਬੀ ਭਾਸ਼ਾ ’ਚ ਭੇਜਣ ਦਾ ਡਰਾਮਾ ਕਰਦੀਆਂ ਹਨ ਉਥੇ ਆਪਣੇ ਚੋਣ ਵਾਅਦਿਆਂ ’ਚ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੇ ਵੱਡੇ ਵਾਅਦੇ ਕਰਦੀਆਂ ਹਨ। ਹੁਣ ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਇਨ੍ਹਾਂ ਪਾਰਟੀਆਂ ਨੇ ਟਾਂਵੇ-ਟਾਂਵੇ ਪ੍ਰੈੱਸ ਬਿਆਨ ਪੰਜਾਬੀ ਭਾਸ਼ਾ ’ਚ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਥੇ ਮੁੱਢ ਤੋਂ ਹੀ ਜ਼ਿਆਦਾਤਰ ਕਾਂਗਰਸ ਤੇ ਭਾਜਪਾ ਦੇ ਹੀ ਸੰਸਦ ਮੈਂਬਰ ਰਹੇ ਹਨ ਤੇ ਇਨ੍ਹਾਂ ’ਚੋਂ ਵੀ ਜ਼ਿਆਦਾ ਪੰਜਾਬੀ ਹਨ ਪਰ ਕੋਈ ਵੀ ਸੰਸਦ ਮੈਂਬਰ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਉਸਾਰੇ ਚੰਡੀਗੜ੍ਹ ’ਚ ਪੰਜਾਬੀ ਭਾਸ਼ਾ ਦੀ 51 ਸਾਲਾਂ ਤੋਂ ਹੋ ਰਹੀ ਬੇਕਦਰੀ ਨੂੰ ਰੋਕਣ ’ਚ ਕਾਮਯਾਬ ਨਹੀਂ ਹੋ ਸਕਿਆ। ਭਾਜਪਾ ਵੱਲੋਂ ਆਮ ਰੁਟੀਨ ’ਚ ਕੇਵਲ ਅੰਗਰੇਜ਼ੀ ਤੇ ਹੰਦੀ ’ਚ ਹੀ ਪ੍ਰੈੱਸ ਬਿਆਨ ਜਾਰੀ ਕੀਤੇ ਜਾਂਦੇ ਹਨ। ਹੁਣ ਚੋਣਾਂ ਸਿਰ ’ਤੇ ਆਉਣ ਕਾਰਨ ਇਸ ਪਾਰਟੀ ਦੇ ਕੁਝ ਪ੍ਰੈੱਸ ਬਿਆਨ ਪੰਜਾਬੀ ਭਾਸ਼ਾ ’ਚ ਆਉਣੇ ਸ਼ੁਰੂ ਹੋ ਗਏ ਹਨ। ਇਸ ਵੇਲੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਤੇ ਸੰਸਦ ਮੈਂਬਰ ਕਿਰਨ ਖੇਰ ਦੋਵੇਂ ਪੰਜਾਬੀ ਹਨ ਪਰ ਇਹ ਜਿਥੇ ਯੂਟੀ ਪ੍ਰਸ਼ਾਸਨ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਨਹੀਂ ਦਿਵਾ ਸਕੇ, ਉਥੇ ਆਪਣੇ ਪ੍ਰੈੱਸ ਬਿਆਨ ਵੀ ਗੈਰ-ਪੰਜਾਬੀ ਭਾਸ਼ਾ ’ਚ ਹੀ ਭੇਜਦੇ ਹਨ। ਦੂਸਰੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰੈੱਸ ਬਿਆਨ ਵੀ ਕੇਵਲ ਅੰਗਰੇਜ਼ੀ ਤੇ ਹਿੰਦੀ ’ਚ ਹੀ ਜਾਰੀ ਕੀਤੇ ਜਾਂਦੇ ਹਨ। ਸਿਰਫ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਆਪਣੇ ਨਿੱਜੀ ਪ੍ਰੈੱਸ ਬਿਆਨ ਪੰਜਾਬੀ ’ਚ ਜਾਰੀ ਕਰਦੇ ਹਨ। ਹੁਣ ਕਾਂਗਰਸ ਦੇ ਦਿਹਾਤੀ ਵਿੰਗ ਦੀ 3 ਫਰਵਰੀ ਨੂੰ ਹੋਈ ਮੀਟਿੰਗ ਦਾ ਪ੍ਰੈੱਸ ਬਿਆਨ ਪੰਜਾਬੀ ’ਚ ਭੇਜਿਆ ਗਿਆ ਹੈ ਕਿਉਂਕਿ ਚੋਣਾਂ ਸਿਰ ’ਤੇ ਹਨ। ਸ੍ਰੀ ਬਾਂਸਲ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਦੋਵੇਂ ਪੰਜਾਬੀ ਹਨ, ਪਰ ਇਸ ਦੇ ਬਾਵਜੂਦ ਜਿਥੇ ਉਹ ਪ੍ਰਸ਼ਾਸਨ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਨਹੀਂ ਦਿਵਾ ਸਕੇ। ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਵੀ ਹਮੇਸ਼ਾ ਗੈਰ-ਪੰਜਾਬੀ ਭਾਸ਼ਾਵਾਂ ’ਚ ਹੀ ਪ੍ਰੈੱਸ ਬਿਆਨ ਜਾਰੀ ਕਰਦੇ ਹਨ ਪਰ ਹੁਣ ‘ਆਪ’ ਦੇ ਉਮੀਦਵਾਰ ਹਰਮੋਹਨ ਧਵਨ ਵੀ ਆਪਣੇ ਪ੍ਰੈੱਸ ਬਿਆਨ ਗੈਰ-ਪੰਜਾਬੀ ’ਚ ਜਾਰੀ ਕਰਦੇ ਰਹੇ ਹਨ।