ਸਕੂਲ ਬੱਸ ਦੀ ਫੇਟ ਵੱਜਣ ਨਾਲ ਤਿੰਨ ਰਾਹਗੀਰ ਜ਼ਖ਼ਮੀ

05

February

2019

ਚੰਡੀਗੜ੍ਹ, ਪਿੰਡ ਦੜੂਆ ਕੋਲ ਸਕੂਲ ਬੱਸ ਵੱਲੋਂ ਫੇਟ ਮਾਰਨ ਨਾਲ ਪੈਦਲ ਜਾ ਰਹੇ ਤਿੰਨ ਰਾਹਗੀਰ ਜ਼ਖ਼ਮੀ ਹੋਏ ਗਏ। ਜ਼ਖ਼ਮੀਆਂ ਵਿਚੋਂ ਦੋ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਬੱਸ ਚਾਲਕ ਨੇ ਇਨ੍ਹਾਂ ਰਾਹਗੀਰਾਂ ਸਮੇਤ ਸਕੂਟਰ, ਰੇਹੜੀ ਤੇ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਪੁਲੀਸ ਨੇ ਬਾਅਦ ਵਿੱਚ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਲੰਘੀ ਦੇਰ ਰਾਤ ਪਿੰਡ ਦੜੂਆ ਕੋਲ ਇੱਕ ਸਕੂਲ ਬਸ ਨੇ ਉਥੋਂ ਪੈਦਲ ਜਾ ਰਹੇ ਤਿੰਨ ਰਾਹਗੀਰਾਂ ਸਮੇਤ ਇੱਕ ਸਕੂਟਰ, ਇੱਕ ਰੇਹੜੀ ਤੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਪੈਦਲ ਜਾ ਰਹੇ ਤਿੰਨੇ ਜਣੇ ਫੱਟੜ ਹੋ ਗਏ। ਫੱਟੜ ਹੋਣ ਵਾਲਿਆਂ ਦੀ ਪਛਾਣ ਤਾਮਿਲਨਾਡੂ ਵਾਸੀ ਨਿਤਨ ਤੇ ਉੱਤਰ ਪ੍ਰਦੇਸ਼ ਵਾਸੀ ਅਜੀਤ ਤੇ ਸਾਗਰ ਵਜੋਂ ਹੋਈ ਹੈ। ਤਿੰਨਾਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚ ਭੇਜਿਆ ਗਿਆ ਜਿਥੋਂ ਨਿਤਨ ਤੇ ਸਾਗਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ। ਇਹ ਜ਼ਖ਼ਮੀ ਹੋਏ ਤਿੰਨੇ ਜਣੇ ਦਿੱਲੀ ਸਥਿਤ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਸਨ। ਸਮਝਿਆ ਜਾ ਰਿਹਾ ਕਿ ਇਹ ਤਿੰਨੇ ਜਣੇ ਇਥੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਫੜਨ ਜਾ ਰਹੇ ਸਨ ਤੇ ਇਸੇ ਦੌਰਾਨ ਇਨ੍ਹਾਂ ਨੂੰ ਬਸ ਨੇ ਫੇਟ ਮਾਰ ਦਿੱਤੀ। ਪੁਲੀਸ ਨੇ ਬਸ ਡਰਾਈਵਰ ਜਿਸਦੀ ਪਛਾਣ ਸੂਰਜ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।