Arash Info Corporation

ਮੁਹਾਲੀ ਹਵਾਈ ਅੱਡੇ ’ਤੇ 4.16 ਕਰੋੜ ਦੇ ਹੀਰੇ ਤੇ ਸੋਨੇ ਦੇ ਗਹਿਣੇ ਜ਼ਬਤ

05

February

2019

ਐਸਏਐਸ ਨਗਰ (ਮੁਹਾਲੀ) ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਅੱਜ ਏਅਰਪੋਰਟ ਪੁਲੀਸ ਦੇ ਸਹਿਯੋਗ ਨਾਲ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4.16 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਅਤੇ ਕਰ ਵਿਭਾਗ (ਮੋਬਾਈਲ ਵਿੰਗ) ਦੀ ਏਸੀਐਸਟੀ ਸ਼ਾਲਨੀ ਵਾਲੀਆ ਦੀ ਅਗਵਾਈ ਵਾਲੀ ਟੀਮ ਦੇ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁੰਬਈ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਹੀਰੇ ਅਤੇ ਹੀਰੇ ਜੜੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ। ਇਨ੍ਹਾਂ ਗਹਿਣਿਆਂ ਦੀ ਮਾਰਕੀਟ ਵਿੱਚ ਕੀਮਤ 4 ਕਰੋੜ 16 ਲੱਖ ਰੁਪਏ ਦੱਸੀ ਗਈ ਹੈ। ਇਹ ਵਿਅਕਤੀ ਹੀਰੇ ਅਤੇ ਸੋਨੇ ਦੇ ਗਹਿਣਿਆਂ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਸੋਮਵਾਰ ਨੂੰ ਦੇਰ ਸ਼ਾਮ ਆਬਕਾਰੀ ਅਤੇ ਕਰ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਕਾਬੂ ਕੀਤੇ ਯਾਤਰੀਆਂ ਦੀ ਪਛਾਣ ਨੀਰਜ ਬਾਕੂਲੇਸ਼ ਝਾਵੇਰੀ ਅਤੇ ਰੁਸ਼ਾਂਗ ਰਮੇਸ਼ ਮਹਿਤਾ ਵਜੋਂ ਹੋਈ ਹੈ, ਜੋ ਮੁੰਬਈ ਦੀ ਰੋਜ਼ੀ ਬਲਿਊ (ਇੰਡੀਆ) ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਸਬੰਧਤ ਹਨ ਅਤੇ ਮੁੰਬਈ ਤੋਂ ਮੁਹਾਲੀ ਆ ਰਹੇ ਸਨ। ਹਿਰਾਸਤ ਵਿੱਚ ਲਏ ਗਏ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਹ ਇਹ ਸਾਮਾਨ ਸ਼ਹਿਰ ਦੇ ਇੱਕ ਮਸ਼ਹੂਰ ਜਵੈਲਰ ਨੂੰ ਦਿਖਾਉਣ ਲਈ ਲੈ ਕੇ ਆ ਰਹੇ ਸਨ ਪਰ ਉਹ ਆਪਣੇ ਦਾਅਵੇ ਦੇ ਹੱਕ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਕਰ ਵਿਭਾਗ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਐਸਜੀਐਸਟੀ/ ਸੀਜੀਐਸਟੀ ਐਕਟ ਦੀ ਧਾਰਾ 129 ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਐਸਜੀਐਸਟੀ/ ਸੀਜੀਐਸਟੀ ਐਕਟ ਤਹਿਤ ਬਣਦਾ ਟੈਕਸ ਅਤੇ ਜੁਰਮਾਨਾ ਕੀਤਾ ਜਾਵੇਗਾ। ਉਧਰ, ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਵੱਖਰੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੀ ਟੀਮ ਵਿੱਚ ਐਸਟੀਓ ਅਸ਼ੋਕ ਚਲੋਤਰਾ, ਐਸਟੀਓ ਨਵਜੋਤ ਸਿੰਘ, ਐਸਟੀਓ ਭਾਵਨਾ ਹਾਂਡਾ, ਐਸਟੀਆਈ ਰਜਨੀਸ਼ ਬੱਤਰਾ ਸ਼ਾਮਲ ਸਨ, ਜਿਨ੍ਹਾਂ ਨਾਲ ਮੁਹਾਲੀ ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਸਹਿਯੋਗ ਦਿੱਤਾ। ਜੀਐਸਟੀ ਲਾਗੂ ਹੋਣ ਤੋਂ ਬਾਅਦ ਮੋਬਾਈਲ ਵਿੰਗ ਚੰਡੀਗੜ੍ਹ ਵੱਲੋਂ ਇਹ ਤੀਜੀ ਵੱਡੀ ਬਰਾਮਦਗੀ ਹੈ, ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਸੋਨੇ ਦੇ ਗਹਿਣੇ ਅਤੇ ਕੀਮਤੀ ਹੀਰੇ ਲਿਆਂਦੇ ਫੜੇ ਗਏ ਹਨ। ਥਾਣਾ ਮੁਖੀ ਸ੍ਰੀ ਬੱਲ ਨੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਅਤੇ ਆਮਦਨ ਵਿਭਾਗ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।