ਸ਼ਲੀਨ ਨੇ ਮਾਪਿਆਂ ਨੂੰ ਜੂਸ ਵਿਚ ਦਿੱਤੀਆਂ ਸਨ ਨਸ਼ੀਲੀਆਂ ਗੋਲੀਆਂ

03

February

2019

ਪਟਿਆਲਾ, ਮਾਪਿਆਂ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਇੱਥੋਂ ਦੇ ਤਫੱਜਲਪੁਰਾ ਵਾਸੀ ਸ਼ਲੀਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਸ਼ਲੀਨ ਨੇ ਆਪਣੇ ਮਾਪਿਆਂ ਨੂੰ ਨਸ਼ੀਲੀਆਂ ਗੋਲੀਆਂ ਦੀ ਓਵਰਡੋਜ਼ ਦਿੱਤੀ ਸੀ। ਪੀਸੀਆਂ ਹੋਈਆਂ ਕਰੀਬ ਵੀਹ ਵੀਹ ਗੋਲੀਆਂ ਮਿਲਾ ਕੇ ਮਾਂ-ਪਿਓ ਨੂੰ ਜੂਸ ਪਿਲਾ ਦਿੱਤਾ, ਜਿਸ ਕਾਰਨ ਉਸ ਦੇ 60 ਸਾਲਾ ਪਿਤਾ ਮੋਹਨ ਲਾਲ ਸਿੰਗਲਾ ਨੇ ਦਮ ਤੋੜ ਦਿੱਤਾ ਤੇ ਮਾਂ ਮਧੂ ਸਿੰਗਲਾ ਦਾ ਮਗਰੋਂ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦ ਵੀ ਨਸ਼ੀਲੀਆਂ ਗੋਲੀਆਂ ਖਾ ਲਈਆਂ, ਪਰ ਗੋਲੀਆਂ ਦਾ ਅਸਰ ਨਹੀਂ ਹੋਇਆ। ਇਹ ਘਟਨਾ 30 ਜਨਵਰੀ ਦੀ ਹੈ, ਜਿਸ ਤੋਂ ਬਾਅਦ 31 ਜਨਵਰੀ ਰਾਤ ਤੱਕ 24 ਘੰਟੇ ਉਹ ਆਪਣੇ ਮਾਪਿਆਂ ਦੀਆਂ ਲਾਸ਼ਾਂ ਕੋਲ ਹੀ ਰਿਹਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 33 ਸਾਲਾ ਸ਼ਲੀਨ ਐਮਬੀਏ ਪਾਸ ਹੈ ਤੇ ਵਿਆਹ ਨਾ ਹੋਣ ਅਤੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ ਛੋਟਾ ਭਰਾ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ। ਸ਼ਲੀਨ ਨੇ ਸਵੇਰੇ ਕੰਮ-ਕਾਰ ਲਈ ਆਉਣ ਵਾਲੇ ਲੋਕਾਂ ਨੂੰ ਮਾਪਿਆਂ ਦੇ ਸੁੱਤੇ ਹੋਣ ਦੀ ਗੱਲ ਕਹਿ ਕੇ ਬਾਹਰੋਂ ਹੀ ਮੋੜ ਦਿੱਤਾ। ਇਸ ਮਗਰੋਂ ਸ਼ੱਕ ਹੋਣ ’ਤੇ ਕਾਫ਼ੀ ਸਮਾਂ ਬਾਅਦ ਜਦੋਂ ਕੁਝ ਵਿਅਕਤੀਆਂ ਨੇ ਅੰਦਰ ਵੇਖਿਆ ਤਾਂ ਦੋਵੇਂ ਜੀਆਂ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਸਨ ਤੇ ਸ਼ਲੀਨ ਵੀ ਬੇਹੋਸ਼ੀ ਦੀ ਹਾਲਤ ਵਿਚ ਸੀ। ਇਤਲਾਹ ਮਿਲਣ ’ਤੇ ਪੁਲੀਸ ਪੁੱਜ ਗਈ ਤੇ ਸ਼ਲੀਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪਹਿਲੀ ਜਨਵਰੀ ਦੀ ਰਾਤ ਨੂੰ ਛੁੱਟੀ ਮਿਲਣ ’ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅੱਜ ਅਦਾਲਤ ਵਿਚ ਪੇਸ਼ ਕੀਤਾ। ਪੁਲੀਸ ਨੇ ਮੁਲਜ਼ਮ ਦਾ ਪੰਜ ਰੋਜ਼ਾ ਦਾ ਰਿਮਾਂਡ ਮੰਗਿਆ ਸੀ ਤੇ ਅਦਾਲਤ ਨੇ ਤਿੰਨ ਦਿਨਾ ਰਿਮਾਂਡ ਦਿੱਤਾ। ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਮੁਲਜ਼ਮ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਸ਼ਲੀਨ ਨੇ ਖ਼ੁਦਕੁਸ਼ੀ ਦਾ ਡਰਾਮਾ ਹੀ ਕੀਤਾ ਸੀ, ਕਿਉਂਕਿ ਉਸ ਨੇ ਬਹੁਤੀਆਂ ਗੋਲੀਆਂ ਨਹੀਂ ਖਾਧੀਆਂ ਸਨ।