Arash Info Corporation

ਸ਼ਰਾਬ ਤਸਕਰੀ ਦੇ ਦੋਸ਼ ਤਹਿਤ ਮੁਲਜ਼ਮ ਗ੍ਰਿਫ਼ਤਾਰ; ਸਾਥੀ ਫ਼ਰਾਰ

03

February

2019

ਬਨੂੜ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਅਜੀਜ਼ਪੁਰ ਦੇ ਟੌਲ ਪਲਾਜ਼ਾ ਨੇੜੇ ਬਨੂੜ ਪੁਲੀਸ ਵੱਲੋਂ ਅੱਜ ਸਵੇਰੇ ਲਗਾਏ ਗਏ ਨਾਕੇ ਦੌਰਾਨ ਟਾਟਾ-207 ਗੱਡੀ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਹੋਈਆਂ। ਪੁਲੀਸ ਅਨੁਸਾਰ ਰਾਜਧਾਨੀ ਮਾਰਕਾ ਵਾਲੀ ਇਸ ਅੰਗਰੇਜੀ ਸ਼ਰਾਬ ਦੀ ਚੰਡੀਗੜ੍ਹ ਤੋਂ ਰਾਜਪੁਰਾ ਦੇ ਖੇਤਰ ਵੱਲ ਸਮਗਲਿੰਗ ਕੀਤੀ ਜਾ ਰਹੀ ਸੀ। ਮੁਲਜ਼ਮਾਂ ਨੇ ਸ਼ਰਾਬ ਨੂੰ ਛੋਲਿਆਂ ਦੇ ਛਿਲਕਿਆਂ ਦੇ ਥੈਲਿਆਂ ਦੇ ਥੱਲੇ ਛੁਪਾਇਆ ਹੋਇਆ ਸੀ। ਪੁਲੀਸ ਕਾਰਵਾਈ ਦੌਰਾਨ ਇੱਕ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ, ਜਦੋਂ ਕਿ ਦੂਜੇ ਮੁਲਜ਼ਮ ਨੂੰ ਪੁਲੀਸ ਨੇ ਕਾਬੂ ਕਰ ਲਿਆ। ਥਾਣਾ ਬਨੂੜ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਟੋਲ ਬੈਰੀਅਰ ਨੇੜੇ ਨਾਕਾ ਲਾਇਆ ਹੋਇਆ ਸੀ। ਵਦੋਂ ਸਬੰਧਤ ਵਾਹਨ ਨੂੰ ਤਲਾਸ਼ੀ ਲਈ ਰੋਕਿਆ ਗਿਆ ਤਾਂ ਪਹਿਲਾਂ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ ਕੀਤੀ ਪਰ ਪੁਲੀਸ ਦੀ ਮੁਸਤੈਦੀ ਕਾਰਨ ਉਸ ਨੇ ਗੱਡੀ ਰੋਕ ਦਿੱਤੀ ਪਰ ਇਕਦਮ ਗੱਡੀ ਵਿੱਚੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ। ਗੱਡੀ ਵਿੱਚ ਮੌਜੂਦ ਉਸ ਦਾ ਦੂਜਾ ਸਾਥੀ ਪੁਲੀਸ ਨੇ ਦਬੋਚ ਲਿਆ। ਥਾਣਾ ਮੁਖੀ ਅਨੁਸਾਰ ਤਲਾਸ਼ੀ ਦੌਰਾਨ ਗੱਡੀ ਵਿੱਚੋਂ 100 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਹੋਈਆਂ। ਮੁਲਜ਼ਮਾਂ ਨੇ ਗੱਡੀ ਤਿਰਪਾਲ ਨਾਲ ਢਕੀ ਹੋਈ ਸੀ ਤੇ ਸ਼ਰਾਬ ਦੇ ਪਿਛਲੇ ਪਾਸੇ ਛੋਲਿਆਂ ਦੇ ਛਿਲਕਿਆਂ ਦੇ 15 ਥੈਲੇ ਲੋਡ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਵਿਕਰੀਯੋਗ ਇਹ ਸ਼ਰਾਬ ਰਾਜਪੁਰਾ ਖੇਤਰ ਵਿਚ ਮਹਿੰਗੇ ਭਾਅ ਵੇਚੀ ਜਾਣੀ ਸੀ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਟਿੰਕੂ ਵਾਸੀ ਨੇਪਰਾ ਥਾਣਾ ਸਦਰ ਰਾਜਪੁਰਾ ਵਜੋਂ ਹੋਈ ਹੈ। ਗੱਡੀ ਦੇ ਫਰਾਰ ਹੋਏ ਡਰਾਈਵਰ ਦੀ ਸ਼ਨਾਖਤ ਨਿਸ਼ਾਨ ਸਿੰਘ ਵਾਸੀ ਕਬੂਲਪੁਰ (ਸ਼ੰਭੂ) ਵਜੋਂ ਹੋਈ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਸ਼ਨੀਵਾਰ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।