ਬਠਿੰਡਾ ਪੁਲੀਸ ਵੱਲੋਂ ਬਿਜਲੀ ਮੁਲਾਜ਼ਮਾਂ ਦੀ ਖਿੱਚ-ਧੂਹ

18

January

2019

ਬਠਿੰਡਾ, ਬਠਿੰਡਾ ਪੁਲੀਸ ਨੇ ਅੱਜ ਦਰਜਨਾਂ ਬਿਜਲੀ ਮੁਲਾਜ਼ਮਾਂ ਦੀ ਖਿੱਚ ਧੂਹ ’ਤੇ ਧੱਕਾ-ਮੁੱਕੀ ਕੀਤੀ, ਜੋ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕਰ ਰਹੇ ਸਨ। ਅੱਜ ਇੱਥੇ ਸ਼ਹਿਰ ਵਿੱਚ ਮਨਪ੍ਰੀਤ ਬਾਦਲ ਦੇ ਸਮਾਗਮ ਸਨ, ਜਿਨ੍ਹਾਂ ਤੋਂ ਪਹਿਲਾਂ ਹੀ ਚੁੱਪ-ਚੁਪੀਤੇ ਬਿਜਲੀ ਮੁਲਾਜ਼ਮ ਪੁੱਜ ਗਏ। ਪੁਲੀਸ ਨੂੰ ਵੀ ਇਨ੍ਹਾਂ ਕਾਮਿਆਂ ਦੀ ਭਿਣਕ ਨਾ ਪੈ ਸਕੀ। ਜਿਉਂ ਹੀ ਖ਼ਜ਼ਾਨਾ ਮੰਤਰੀ ਬਾਦਲ ਸਮਾਗਮਾਂ ਵਿਚ ਪੁੱਜੇ। ਇਨ੍ਹਾਂ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਵੇਂ ਇਹ ਮੁਲਾਜ਼ਮ ਸਮਾਗਮਾਂ ਤੋਂ ਥੋੜ੍ਹੀ ਦੂਰ ਸਨ ਪਰ ਪੁਲੀਸ ਨੂੰ ਮੁਲਾਜ਼ਮਾਂ ਦੇ ਨਾਅਰਿਆਂ ਨੇ ਹੱਥਾਂ-ਪੈਰਾਂ ਦੀ ਪਾ ਦਿੱਤੀ। ਜਦੋਂ ਦਰਜਨਾਂ ਬਿਜਲੀ ਮੁਲਾਜ਼ਮ ਅੱਗੇ ਸਮਾਗਮਾਂ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਰੋਕ ਲਿਆ। ਮੁਲਾਜ਼ਮਾਂ ਨੇ ਰੋਹ ਵਿਚ ਆ ਕੇ ਪੁਲੀਸ ਘੇਰਾ ਤੋੜਨਾ ਚਾਹਿਆ ਤਾਂ ਪੁਲੀਸ ਨੇ ਸਖ਼ਤੀ ਦਿਖਾ ਦਿੱਤੀ ਅਤੇ ਮੁਲਾਜ਼ਮਾਂ ਦੀ ਖਿੱਚ ਧੂਹ ਕੀਤੀ। ਮੌਕੇ ’ਤੇ ਹੀ ਪੁਲੀਸ ਨੇ ਮੁਲਾਜ਼ਮਾਂ ਨੂੰ ਫੜ ਫੜ ਕੇ ਗੱਡੀਆਂ ਵਿਚ ਬਿਠਾ ਲਿਆ। ਕਰੀਬ 11 ਬਿਜਲੀ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਕੋਤਵਾਲੀ ਬੰਦ ਕਰ ਦਿੱਤਾ ਗਿਆ। ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੀ ਅਗਵਾਈ ਵਿਚ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਾਉਣ ਆਏ ਹੋਏ ਸਨ। ਬਿਜਲੀ ਮੁਲਾਜ਼ਮਾਂ ਨੇ ਇੱਕ ਰਿਕਸ਼ਾ ਕਿਰਾਏ ’ਤੇ ਲੈ ਕੇ ਸਪੀਕਰ ਵਗ਼ੈਰਾ ਵੀ ਵਿਚ ਰੱਖਿਆ ਹੋਇਆ ਸੀ। ‘ਮੁਰਦਾਬਾਦ’ ਦੇ ਨਾਅਰਿਆਂ ਦੌਰਾਨ ਪੁਲੀਸ ਨੇ ਸਪੀਕਰ ਦੀਆਂ ਤਾਰਾਂ ਤੋੜ ਦਿੱਤੀਆਂ ਅਤੇ ਰਿਕਸ਼ਾ ਚਾਲਕ ਨੂੰ ਭਜਾ ਦਿੱਤਾ। ਪੁਲੀਸ ਨਾਲ ਮੁਲਾਜ਼ਮ ਆਹਮੋ ਸਾਹਮਣੇ ਵੀ ਹੋਏ ਅਤੇ ਸਟੇਜ ਤੱਕ ਪੁੱਜਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਖ਼ਜ਼ਾਨਾ ਮੰਤਰੀ ਨੇ ਇਨ੍ਹਾਂ ਮੁਲਾਜ਼ਮਾਂ ਬਾਰੇ ਮਗਰੋਂ ਕੋਈ ਟਿੱਪਣੀ ਨਾ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਹੈ। ਜੁਆਇੰਟ ਫੋਰਮ ਦੇ ਸੀਨੀਅਰ ਮੈਂਬਰ ਗੁਰਸੇਵਕ ਸਿੰਘ ਸੰਧੂ ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸਨ, ਜਿਨ੍ਹਾਂ ਸਮੇਤ ਪੁਲੀਸ ਨੇ ਨਗਿੰਦਰ ਸਿੰਘ,ਪੋਹਲਾ ਸਿੰਘ ਆਦਿ ਨੂੰ ਵੀ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ ਵਿਚ ਲਏ ਮੁਲਾਜ਼ਮਾਂ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ।