ਕਰਤਾਰਪੁਰ ਲਾਂਘੇ ’ਚ ਅੜਿੱਕਾ ਡਾਹ ਰਹੇ ਨੇ ਸਾਂਪਲਾ: ਕੈਪਟਨ

18

January

2019

ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਗ਼ੈਰ-ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਦਾ ਬਿਆਨ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਵਤੀਰੇ ਦਾ ਪ੍ਰਤੀਬਿੰਬ ਹੈ ਅਤੇ ਮੋਦੀ ਸਰਕਾਰ ਲਗਾਤਾਰ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਨੁੱਕਰੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਢੰਗ ਤਰੀਕੇ ਲੱਭਣ ਦੀ ਥਾਂ ਕੇਂਦਰ ਸਰਕਾਰ ਖਾਸਕਰ ਸਾਂਪਲਾ ਵਰਗੇ ਚੁਣੇ ਹੋਏ ਨੁਮਾਇੰਦੇ ਲਗਾਤਾਰ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਹਕੀਕਤ ਵਿੱਚ ਲਿਆਉਣ ਦੇ ਰਾਹ ’ਚ ਅੜਿੱਕੇ ਡਾਹ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਰ ਕਰਨ ਲਈ ਗਰੀਬ ਸ਼ਰਧਾਲੂਆਂ ਵਾਸਤੇ ਪਾਸਪੋਰਟ ਨੂੰ ਖ਼ਤਮ ਕਰਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਨ ਅਤੇ ਵੀਜ਼ੇ ਨੂੰ ਜ਼ਰੂਰੀ ਬਣਾਉਣ ਦੇ ਵਿਜੇ ਸਾਂਪਲਾ ਦੇ ਬਿਆਨ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਨਾ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਉਨ੍ਹਾਂ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਯਕੀਨੀ ਬਣਾਉਣ ਦੀ ਸੁਵਿਧਾ ਦੇਣ ’ਚ ਦਿਲਚਸਪੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀਆਂ ਕੋਲ ਪਾਸਪੋਰਟ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਮੰਤਰੀ ਕਿਸ ਹੱਦ ਤੱਕ ਗਲਤ ਸੂਚਨਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ ਇਸ ਲਾਂਘੇ ਨੂੰ ਖੋਲ੍ਹਣ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਸ ਵਿੱਚ ਅੜਿੱਕੇ ਡਾਹ ਰਹੀ ਹੈ। ਕੈਪਟਨ ਨੇ ਕਿਹਾ ਕਿ ਯਾਤਰਾ ਪਰਮਿਟ ਲਾਂਘੇ ਰਾਹੀਂ ਦਾਖਲ ਹੋਣ ਤੇ ਬਾਹਰ ਨਿਕਲਣ ਲਈ ਕਾਫ਼ੀ ਹੋਵੇਗਾ। ਇਸ ਨਾਲ ਆਧਾਰ ਕਾਰਡ (ਨਾਗਰਿਕ ਦਾ ਬਾਇਓਮੀਟ੍ਰਿਕ ਵੇਰਵਾ) ਵਰਗਾ ਦਸਤਾਵੇਜ਼ ਉਨ੍ਹਾਂ ਲੋਕਾਂ ਲਈ ਸ਼ਨਾਖਤੀ ਪਰੂਫ਼ ਵਜੋਂ ਵਰਤਿਆ ਜਾ ਸਕਦਾ ਹੈ ਜੋ ਯਾਤਰਾ ਕਰਨੀ ਚਾਹੁੰਦੇ ਹੋਣਗੇ।