ਮੁਹਾਲੀ ਏਅਰਪੋਰਟ ਸੜਕ ’ਤੇ ਸ਼ਰਾਬ ਦਾ ਭਰਿਆ ਕੈਂਟਰ ਪਲਟਿਆ

18

January

2019

ਐਸਏਐਸ ਨਗਰ (ਮੁਹਾਲੀ), ਮੁਹਾਲੀ ਏਅਰਪੋਰਟ ਸੜਕ ’ਤੇ ਵੀਰਵਾਰ ਨੂੰ ਸੋਹਾਣਾ ਪੁਲੀਸ ਨੇ ਇੱਕ ਹਾਦਸਾਗ੍ਰਸਤ ਕੈਂਟਰ ’ਚੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲੀਸ ਅਨੁਸਾਰ ਕੈਂਟਰ ਚਾਲਕ ਫਰਾਰ ਹੈ। ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੈਕਟਰ-82 ਨੇੜੇ ਸੜਕ ’ਤੇ ਇੱਕ ਕੈਂਟਰ ਪਲਟਿਆ ਦੇਖਿਆ ਤੇ ਸ਼ਰਾਬ ਦੀਆਂ ਕਈ ਪੇਟੀਆਂ ਸੜਕ ’ਤੇ ਖਿੱਲਰੀਆਂ ਪਈਆਂ ਸਨ। ਇਸ ਨਾਲ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਪੁਲੀਸ ਨੇ ਕੈਂਟਰ ਨੂੰ ਸਿੱਧਾ ਕੀਤਾ ਤੇ ਇਸ ਨੂੰ ਜ਼ਬਤ ਕਰ ਲਿਆ। ਕੈਂਟਰ ਦੀ ਤਲਾਸ਼ੀ ਲੈਣ ’ਤੇ ਰਾਇਲ ਸਟੈਗ, ਬਲੈਂਡਰ ਪਰਾਈਡ, ਆਫਸੀਜ਼ਨ ਸ਼ਰਾਬ ਦੀਆਂ ਕਰੀਬ 72 ਪੇਟੀਆਂ ਸ਼ਰਾਬ ਬਰਾਮਦ ਹੋਈ। ਕੈਂਟਰ ’ਤੇ ਟੈਂਪਰੇਰੀ ਨੰਬਰ ਲੱਗਾ ਸੀ। ਪੁਲੀਸ ਨੇ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਬਲੌਂਗੀ ਪੁਲੀਸ ਨੇ ਬੈਰੀਅਰ ਨੇੜਿਓਂ 2 ਵਿਅਕਤੀਆਂ ਨੂੰ 26 ਪੇਟੀਆਂ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਵਾਸੀ ਪਿੰਡ ਸਾਲਾਪੁਰ, ਜ਼ਿਲ੍ਹਾ ਰੂਪਨਗਰ ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਬਲੌਂਗੀ ਬੈਰੀਅਰ ਨੇੜੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਕਾਰ ’ਚੋਂ ਰਾਇਲ ਸਟੈਗ, ਨੈਨਾ ਤੇ ਦੇਸੀ ਸ਼ਰਾਬ ਦੀਆਂ 26 ਪੇਟੀਆਂ ਬਰਾਮਦ ਕੀਤੀਆਂ ਗਈਆਂ।