ਸਿਆਸਤਦਾਨ ਹੋਰ ਖੇਤਰਾਂ ’ਚ ਦਖ਼ਲ ਨਾ ਦੇਣ: ਗਡਕਰੀ

14

January

2019

ਮੁੰਬਈ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਸਾਥੀ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੋਰ ਖੇਤਰਾਂ ’ਚ ਦਖ਼ਲ ਦੇਣਾ ਬੰਦ ਕਰ ਦੇਣ। ਯਵਤਮਾਲ ’ਚ ਸਾਲਾਨਾ ਮਰਾਠੀ ਸਾਹਿਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਇਹ ਸਲਾਹ ਦਿੱਤੀ। ‘ਜਿਹੜੇ ਲੋਕ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆਂ, ਸਾਹਿਤ ਆਦਿ ਦੇ ਖੇਤਰ ’ਚ ਹਨ, ਉਨ੍ਹਾਂ ਨੂੰ ਹੀ ਆਪਣੇ ਖੇਤਰਾਂ ’ਚ ਵਿਚਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਉਹ ਕਿਸੇ ’ਚ ਦਖ਼ਲਅੰਦਾਜ਼ੀ ਨਾ ਦੇਣ ਦੀ ਗੱਲ ਕਰਦੇ ਹਨ ਤਾਂ ਇਸ ਤੋਂ ਇਹ ਭਾਵ ਨਹੀਂ ਕਿ ਸਾਹਿਤ ਅਤੇ ਸਿਆਸਤ ਦੇ ਖੇਤਰ ਦੇ ਲੋਕਾਂ ਵਿਚਕਾਰ ਕੋਈ ਰਾਬਤਾ ਨਹੀਂ ਹੋਣਾ ਚਾਹੀਦਾ ਹੈ। ਸ੍ਰੀ ਗਡਕਰੀ ਮੁਤਾਬਕ ਐਮਰਜੈਂਸੀ ਸਮੇਂ ਦੁਰਗਾ ਭਾਗਵਤ ਅਤੇ ਪੀ ਐਲ ਦੇਸ਼ਪਾਂਡੇ ਵਰਗੇ ਮਰਾਠੀ ਲੇਖਕਾਂ ਦੇ ਭਾਸ਼ਨਾਂ ’ਚ ਸਿਆਸੀ ਰੈਲੀਆਂ ਨਾਲੋਂ ਵੱਡੀ ਭੀੜ ਹੁੰਦੀ ਸੀ ਪਰ ਚੋਣਾਂ ਮਗਰੋਂ ਉਹ ਸਾਹਿਤ ਵੱਲ ਨੂੰ ਪਰਤ ਗਏ ਸਨ। ਉਨ੍ਹਾਂ ਰਾਜ ਸਭਾ ਦੀ ਮੈਂਬਰੀ ਸਮੇਤ ਹੋਰ ਕੋਈ ਸਿਆਸੀ ਅਹੁਦੇ ਵੀ ਨਹੀਂ ਸਵੀਕਾਰੇ ਸਨ। ਜ਼ਿਕਰਯੋਗ ਹੈ ਕਿ ਉੱਘੀ ਲੇਖਿਕਾ ਨਯਨਤਾਰਾ ਸਹਿਗਲ ਨੂੰ ਦਿੱਤੇ ਗਏ ਸੱਦੇ ਨੂੰ ਵਾਪਸ ਲੈਣ ’ਤੇ ਸਾਹਿਤ ਸੰਮੇਲਨ ਵਿਵਾਦਾਂ ’ਚ ਘਿਰ ਗਿਆ ਸੀ।