Arash Info Corporation

ਘਰ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਮੁਲਜ਼ਮ ਕਾਬੂ

07

January

2019

ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਪਰਵਾਸੀ ਭਾਰਤੀ ਪਰਿਵਾਰ ਦੇ ਘਰ ਵਿੱਚ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਏ ਮੁਲਜ਼ਮਾਂ ਨੂੰ ਵਿਦੇਸ਼ ਬੈਠੇ ਪਰਿਵਾਰ ਨੇ ਸੀਸੀਟੀਵੀ ਕੈਮਰਿਆਂ ਵਿੱਚ ਦੇਖ ਲਿਆ। ਇਨ੍ਹਾਂ ਮੁਲਜ਼ਮਾਂ ਨੂੰ ਲੋਕਾਂ ਤੇ ਪੁਲੀਸ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ 7 ਦੀ ਮਾਸਟਰ ਕਲੋਨੀ ਵਿੱਚ ਸਾਈਂ ਮੰਦਰ ਨੇੜੇ ਸਥਿਤ ਪਰਵਾਸੀ ਭਾਰਤੀ ਪਰਿਵਾਰ ਦੇ ਘਰ ਵਿੱਚੋਂ ਲੋਕਾਂ ਨੂੰ ਲੰਘੀ ਰਾਤ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਸ਼ੱਕ ਪੈਣ ’ਤੇ ਲੋਕਾਂ ਨੇ ਇਟਲੀ ਵਿੱਚ ਵਸਦੇ ਐਨਆਰਆਈ ਪਰਿਵਾਰ ਨੂੰ ਫੋਨ ਰਾਹੀਂ ਸੂਚਿਤ ਕੀਤਾ। ਇਟਲੀ ਵਿੱਚ ਬੈਠਿਆਂ ਹੀ ਘਰ ਦੀ ਮਾਲਕਨ ਕਮਲਜੀਤ ਕੌਰ ਨੇ ਸੀਸੀਟੀਵੀ ਕੈਮਰਿਆਂ ਦੀ ਲਾਈਵ ਤਸਵੀਰਾਂ ਦੇਖਦਿਆਂ ਘਰ ਦੇ ਅੰਦਰ ਦਾਖ਼ਲ ਹੋਏ ਦੋ ਨੌਜਵਾਨਾਂ ਨੂੰ ਦੇਖਿਆ ਅਤੇ ਇਸ ਸਬੰਧੀ ਤੁਰੰਤ ਪੁਲੀਸ ਅਤੇ ਗੁਆਂਢੀਆਂ ਨੂੰ ਸੂਚਿਤ ਕੀਤਾ। ਇਕੱਠੇ ਹੋਏ ਮੁਹੱਲਾ ਵਾਸੀਆਂ ਅਤੇ ਗੁਆਂਢ ਵਿੱਚ ਹੀ ਰਹਿੰਦੇ ਐਨਆਰਆਈ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਘਰ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ ਅਤੇ ਕੁਝ ਸਮੇਂ ਵਿੱਚ ਵੀ ਪੁਲੀਸ ਵੀ ਪੁੱਜ ਗਈ। ਇਸੇ ਦੌਰਾਨ ਇੱਕ ਚੋਰ ਨੂੰ ਲੋਕਾਂ ਨੇ ਦਬੋਚ ਲਿਆ ਜਦਕਿ ਦੂਜੇ ਚੋਰ ਨੇ ਘਰ ਵਿੱਚ ਪਏ ਇੱਕ ਢੋਲ ਦੇ ਹੇਠ ਲੁਕ ਕੇ ਬਚਣ ਦੀ ਕੋਸ਼ਿਸ਼ ਕੀਤੀ। ਕਾਫੀ ਸਮੇਂ ਦੀ ਭਾਲ ਤੋਂ ਬਾਅਦ ਲੋਕਾਂ ਨੇ ਉਸ ਨੂੰ ਵੀ ਕਾਬੂ ਕਰ ਲਿਆ। ਇੱਕ ਮੁਲਜ਼ਮ ਨੇ ਲੋਕਾਂ ਨੂੰ ਝਕਾਨੀ ਦੇਣ ਲਈ ਬਾਂਹ ਉਤੇ ਪਲਸਤਰ ਲਗਾਇਆ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦਾ ਮੋਟਰਸਾਈਕਲ, ਜੋ ਘਰ ਨੇੜੇ ਖੜ੍ਹਾ ਕੀਤਾ ਹੋਇਆ ਸੀ, ਨੂੰ ਵੀ ਪੁਲੀਸ ਦੇ ਹਵਾਲੇ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।