ਨਿਗਮ ਦੀ ਗੱਡੀ ’ਚੋਂ ਜਬਰੀ ਪਸ਼ੂ ਲਾਹੁਣ ਵਾਲੇ ਨਾਮਜ਼ਦ

07

January

2019

ਐਸਏਐਸ ਨਗਰ (ਮੁਹਾਲੀ), ਮੁਹਾਲੀ ਨਗਰ ਨਿਗਮ ਦੀ ਟੀਮ ਵੱਲੋਂ ਬੀਤੇ ਦਿਨੀਂ ਸ਼ਹਿਰ ’ਚ ਘੁੰਮਦੇ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਦੌਰਾਨ ਪਿੰਡ ਕੁੰਭੜਾ ਦੇ ਕੁਝ ਵਸਨੀਕਾਂ ਨੇ ਨਗਰ ਨਿਗਮ ਦੀ ਕੈਟਲ ਕੈਚਰ ਗੱਡੀ ’ਚੋਂ ਜਬਰਦਸਤੀ ਪਸ਼ੂਆਂ ਨੂੰ ਥੱਲੇ ਉਤਾਰ ਲਿਆ। ਨਿਗਮ ਅਧਿਕਾਰੀ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਪਿੰਡ ਕੁੰਭੜਾ ਦੇ ਵਸਨੀਕਾਂ ਬਲਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਰਘਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਗਰ ਨਿਗਮ ਦੇ ਜੇਈ ਧਰਮਿੰਦਰ ਸਿੰਘ ਨੇ ਥਾਣਾ ਫੇਜ਼-8 ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਐਸਡੀਓ ਸੁਖਵਿੰਦਰ ਸਿੰਘ ਅਤੇ ਨਿਗਮ ਮੁਲਾਜ਼ਮਾਂ ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨਾਲ ਲਾਵਾਰਿਸ ਪਸ਼ੂ ਫੜਨ ਦੀ ਡਿਊਟੀ ’ਤੇ ਤਾਇਨਾਤ ਸਨ। ਟੀਮ ਨੇ ਇੱਥੋਂ ਦੇ ਫੇਜ਼-9 ਵਿੱਚ ਇੱਕ ਪਸ਼ੂ ਨੂੰ ਫੜ ਕੇ ਗੱਡੀ ਵਿੱਚ ਚੜ੍ਹਾਇਆ ਅਤੇ ਅੱਗੇ ਤੁਰ ਪਏ। ਇਸ ਦੌਰਾਨ ਪਿੰਡ ਕੁੰਭੜਾ ਦੇ ਵਸਨੀਕ ਬਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ਰਘਬੀਰ ਸਿੰਘ ਨਗਰ ਨਿਗਮ ਟੀਮ ਵੱਲੋਂ ਫੜੇ ਗਏ ਪਸ਼ੂ ਧੱਕੇ ਨਾਲ ਛੁਡਵਾ ਕੇ ਲੈ ਗਏ। ਸ਼ਿਕਾਇਤ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਨਿਗਮ ਟੀਮ ਨਾਲ ਕਥਿਤ ਤੌਰ ’ਤੇ ਧੱਕਾਮੁੱਕੀ ਵੀ ਕੀਤੀ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 353,186 ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ (ਜਿਸ ’ਤੇ ਗੱਡੀ ਤੋਂ ਜਬਰਦਸਤੀ ਪਸ਼ੂ ਲਾਹੁਣ ਦਾ ਦੋਸ਼ ਹੈ) ਖ਼ੁਦ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਹੈ। ਉਸ ਦਾ ਕਹਿਣਾ ਹੈ ਕਿ ਨਿਗਮ ਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਬਲਵਿੰਦਰ ਸਿੰਘ ਦੇ ਵੀ ਬਿਆਨ ਦਰਜ ਕੀਤੇ ਗਏ ਹਨ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁਹਾਲੀ ਵਿਚ ਲਾਵਾਰਿਸ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਅਤੇ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਵਿਚ ਕੁਝ ਲੋਕਾਂ ਵੱਲੋਂ ਅੜਿੱਕੇ ਡਾਹੇ ਜਾ ਰਹੇ ਹਨ।