Arash Info Corporation

ਅਜੈ ਮਾਕਨ ਨੇ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ

05

January

2019

ਨਵੀਂ ਦਿੱਲੀ, ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਸ੍ਰੀ ਮਾਕਨ ਨੇ ਸਿਹਤ ਕਾਰਨਾਂ ਕਾਰਨ ਅਸਤੀਫ਼ਾ ਦਿੱਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੇ ਸੰਭਾਵੀ ਗੱਠਜੋੜ ਦੇ ਖ਼ਿਲਾਫ਼ ਸਨ। ਕਾਂਗਰਸ ਨੇ ਨਵੇਂ ਪ੍ਰਧਾਨ ਦੀ ਤਲਾਸ਼ ਆਰੰਭ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਿਸ਼ਤ ਸਮੇਤ ਯੋਗਾਨੰਦ ਸ਼ਾਸਤਰੀ, ਰਾਜ ਕੁਮਾਰ ਚੌਹਾਨ, ਹਾਰੂਨ ਯੂਸਫ ਤੇ ਚੱਤਰ ਸਿੰਘ ਵਿਚੋਂ ਕਿਸੇ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸ੍ਰੀ ਮਾਕਨ ਨੇ ਬੀਤੀ ਸ਼ਾਮ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਸਤੰਬਰ 2018 ਨੂੰ ਦਿੱਤੇ ਗਏ ਅਸਤੀਫ਼ੇ ਬਾਰੇ ਜ਼ਿਕਰ ਕੀਤਾ ਤੇ ਜ਼ੋਰ ਦੇ ਕੇ ਆਪਣਾ ਅਸਤੀਫ਼ਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਸਤੰਬਰ 2018 ਨੂੰ ਸ੍ਰੀ ਮਾਕਨ ਵੱਲੋਂ ਦਿੱਤੇ ਅਸਤੀਫ਼ੇ ਦਾ ਕਾਂਗਰਸ ਵੱਲੋਂ ਖੰਡਨ ਕੀਤਾ ਜਾ ਰਿਹਾ ਸੀ। ਸ੍ਰੀ ਮਾਕਨ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਬਹੁਤ ਕੰਮ ਕਰਨਾ ਹੈ ਤੇ ਇਸ ਲਈ ਸੂਬਾ ਪ੍ਰਧਾਨ 100 ਫ਼ੀਸਦੀ ਤੰਦਰੁਸਤ ਹੋਣਾ ਚਾਹੀਦਾ ਹੈ। ਉਨ੍ਹਾਂ ਹੁਣ ਪਾਰਟੀ ਲਈ ਕੰਮ ਕਰਨ ਦਾ ਇਰਾਦਾ ਜ਼ਾਹਿਰ ਕੀਤਾ। ਸੂਤਰਾਂ ਮੁਤਾਬਕ ਬੀਤੇ ਦਿਨ ਦਿੱਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਤੇ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਅਸਤੀਫ਼ਾ ਮਨਜ਼ੂਰ ਹੋ ਗਿਆ। ਸ੍ਰੀ ਮਾਕਨ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਸੀ, ਪਰ ਪਾਰਟੀ ਇਕ ਵੀ ਸੀਟ ਨਹੀਂ ਸੀ ਜਿੱਤ ਸਕੀ ਤੇ ਕਾਂਗਰਸ ਦਾ ਗ੍ਰਾਫ਼ ਦਿੱਲੀ ਵਿੱਚ ਦਿਨੋਂ-ਦਿਨ ਡਿੱਗਦਾ ਗਿਆ। ਨਗਰ ਨਿਗਮ ਚੋਣਾਂ ਵਿੱਚ ਵੀ ਮਾੜੀ ਕਾਰਗੁਜ਼ਾਰੀ ਰਹੀ। ਉਪ ਚੋਣਾਂ ਦੌਰਾਨ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਾਂਗਰਸ ਦਾ ਵੋਟ ਫ਼ੀਸਦੀ ਕੁੱਝ ਵਧਿਆ, ਜੋ 2015 ਦੌਰਾਨ ‘ਆਪ’ ਵੱਲ ਖਿਸਕ ਗਿਆ ਸੀ। ਉਧਰ, ਸ੍ਰੀਮਤੀ ਸ਼ੀਲਾ ਦੀਕਿਸ਼ਤ ਵੱਲੋਂ ‘ਆਪ’ ਨਾਲ ਗੱਠਜੋੜ ਬਾਰੇ ਸਪਸ਼ਟ ਮਨ੍ਹਾਂ ਨਹੀਂ ਕੀਤਾ ਗਿਆ ਤੇ ਉਨ੍ਹਾਂ ਹਾਈ ਕਮਾਂਡ ਦੇ ਪਾਲੇ ਵਿੱਚ ਗੇਂਦ ਸੁੱਟ ਦਿੱਤੀ ਹੈ।