Arash Info Corporation

ਕਾਲਜ ਵਿਦਿਆਰਥੀ ਦੀ ਕੁੱਟਮਾਰ ਮਗਰੋਂ ਫਾਇਰਿੰਗ

05

January

2019

ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਨਵ-ਨਿਰਮਾਣ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟ ਵਿੱਚ ਇੱਕ ਵਿਦਿਆਰਥੀ ’ਤੇ ਕਥਿਤ ਫਾਇਰਿੰਗ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਗੰਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਅੰਕੁਸ਼ ਕੁਮਾਰ ਵਾਸੀ ਫੇਜ਼-3ਬੀ2, ਜਸ਼ਨਦੀਪ ਸਿੰਘ ਵਾਸੀ ਮੋਗਾ ਅਤੇ ਈਸ਼ੂ ਸ਼ਰਮਾ ਵਾਸੀ ਰਾਮਾ ਮੰਡੀ (ਬਠਿੰਡਾ) ਵਜੋਂ ਹੋਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਸਵਪਨ ਸਿੰਘ ਵਾਸੀ ਪਾਤੜਾਂ ਡੀਏਵੀ ਕਾਲਜ ਸੈਕਟਰ-10, ਚੰਡੀਗੜ੍ਹ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਇੱਥੋਂ ਦੇ ਪੂਰਬ ਪ੍ਰੀਮੀਅਰ ਅਪਾਰਟਮੈਂਟ ਵਿੱਚ ਰਹਿੰਦਾ ਹੈ। ਵੀਰਵਾਰ ਕਰੀਬ ਅੱਧੀ ਰਾਤ 12 ਵਜੇ ਜਦੋਂ ਉਹ ਘਰ ਆਇਆ ਤਾਂ ਬਾਲਕੋਨੀ ਵਿੱਚ ਖੜ੍ਹੇ ਕੁਝ ਨੌਜਵਾਨ ਉਸ ਨੂੰ ਗਾਲਾਂ ਕੱਢਣ ਲੱਗ ਪਏ। ਉਸ ਨੇ ਨੌਜਵਾਨਾਂ ਨੂੰ ਗਾਲੀ ਗਲੋਚ ਦੀ ਵਜ੍ਹਾ ਪੁੱਛੀ ਤਾਂ ਉਕਤ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਣ ਕਾਰਨ ਉਸ ਦੀ ਇੱਕ ਨਹੀਂ ਸੁਣੀ। ਉਸ ਨੇ ਨੌਜਵਾਨਾਂ ਨੂੰ ਹੇਠਾਂ ਆ ਕੇ ਗੱਲ ਕਰਨ ਲਈ ਕਿਹਾ ਤਾਂ ਨੌਜਵਾਨ ਹੇਠਾਂ ਆਏ ਅਤੇ ਸਵਪਨ ਸਿੰਘ ਦੀ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਜਸ਼ਨਦੀਪ ਸਿੰਘ ਨੇ ਸਵਪਨ ਸਿੰਘ ’ਤੇ ਰਾਈਫਲ ਨਾਲ ਫਾਇਰ ਕਰ ਦਿੱਤਾ। ਸਵਪਨ ਸਿੰਘ ਹਾਲੇ ਸੰਭਲ ਹੀ ਰਿਹਾ ਸੀ ਕਿ ਏਨੇ ਵਿੱਚ ਦੂਜੇ ਨੌਜਵਾਨ ਸਿਮਰਨ ਸਿੰਘ ਨੇ ਦੂਜਾ ਫਾਇਰ ਕਰ ਦਿੱਤਾ ਅਤੇ ਉਸ ਨੇ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ। ਜਾਂਚ ਅਧਿਕਾਰੀ ਅਨੁਸਾਰ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਸਵਪਨ ਸਿੰਘ ਦੇ ਦੋਸਤ ਦੀ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਣ ਲੱਗਿਆ ਨੌਜਵਾਨ ਧਮਕੀਆਂ ਦਿੰਦੇ ਹੋਏ ਇੱਕ ਹਵਾਈ ਫਾਇਰ ਕਰਦੇ ਹੋਏ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੇਰ ਰਾਤ ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਤਿੰਨ ਨੌਜਵਾਨਾਂ ਜਸ਼ਨਦੀਪ ਸਿੰਘ, ਈਸ਼ੂ ਸ਼ਰਮਾ, ਅੰਕੁਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਸਿਮਰਨ ਸਿੰਘ ਕੁਝ ਹੋਰ ਨੌਜਵਾਨ ਫਰਾਰ ਦੱਸੇ ਗਏ ਹਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 307, 336, 427, 148, 149 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।