Arash Info Corporation

ਹਲਵਾਰਾ ’ਚ ਬਣੇਗਾ ਨਵਾਂ ਸਿਵਲ ਕੌਮਾਂਤਰੀ ਹਵਾਈ ਟਰਮੀਨਲ

21

December

2018

ਲੁਧਿਆਣਾ, ਭਾਰਤੀ ਹਵਾਈ ਫੌਜ ਦੇ ਸਟੇਸ਼ਨ ਹਲਵਾਰਾ ਵਿੱਚ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਸਬੰਧੀ ਸੂਬਾ ਸਰਕਾਰ ਨੇ ਅੱਜ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਸਬੰਧੀ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਸੀ। ਸਹਿਮਤੀ ਪੱਤਰ ’ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏ.ਏ.ਆਈ ਵੱਲੋਂ ਕਾਰਜਕਾਰੀ ਡਾਇਰੈਕਟਰ ਜੀ.ਡੀ ਗੁਪਤਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਜੁਆਇੰਟ ਵੈਂਚਰ ਕੰਪਨੀ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਏ.ਏ.ਆਈ. ਦੀ ਹਿੱਸੇਦਾਰੀ 51 ਫੀਸਦੀ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਨਵਾਂ ਹਵਾਈ ਅੱਡਾ ਵਿਕਸਤ ਕਰਨ ਲਈ ਸਾਰਾ ਖਰਚਾ ਏ.ਏ.ਆਈ. ਵੱਲੋਂ ਕੀਤਾ ਜਾਵੇਗਾ ਜਦਕਿ ਪੰਜਾਬ ਸਰਕਾਰ ਪ੍ਰਾਜੈਕਟ ਲਈ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਵਾਏਗਾ। ਇਸ ਤੋਂ ਇਲਾਵਾ 135.54 ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਏਗਾ। ਏਅਰਪੋਰਟ ਨੂੰ ਚਲਾਉਣ, ਪ੍ਰਬੰਧਨ ਅਤੇ ਰੱਖ-ਰਖਾਅ ਦਾ ਖਰਚਾ ਜੇ.ਵੀ.ਸੀ ਸਹਿਣ ਕਰੇਗੀ। ਨਵੇਂ ਅੰਤਰਰਾਸ਼ਟਰੀ ਸਿਵਲ ਐਨਕਲੇਵ ਦੇ ਪਹਿਲੇ ਪੜਾਅ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ ਜਿਸ ਨਾਲ ਹਵਾਈ ਜ਼ਹਾਜਾਂ ਦੀ ਕੋਡ 4-ਸੀ ਟਾਈਪ ਦੀਆਂ ਉਡਾਨਾਂ ਭਰੀਆਂ ਜਾ ਸਕਣਗੀਆਂ। ਲੁਧਿਆਣਾ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿੱਚ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਹੋਣਗੀਆਂ। ਇਸ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।