ਮੁਹਾਲੀ ਤੋਂ ਲਖਨੌਰ-ਲਾਂਡਰਾਂ ਸੜਕ ਦੀ ਉਸਾਰੀ ਵਿੱਚ ਪਿਆ ਰੇੜਕਾ

21

December

2018

ਐਸਏਐਸ ਨਗਰ (ਮੁਹਾਲੀ), ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਮੁਹਾਲੀ ਤੋਂ ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ ਪਰ ਪਹਿਲੇ ਹੀ ਪੜਾਅ ਵਿੱਚ ਸੜਕ ਦੇ ਨਿਰਮਾਣ ਵਿੱਚ ਰੇੜਕਾ ਪੈ ਗਿਆ ਹੈ। ਬੀਤੀ ਰਾਤ ਪਿੰਡ ਲਾਂਡਰਾਂ ਦੇ ਕਿਸਾਨ ਤੇ ਸਾਬਕਾ ਸੰਸਦ ਮੈਂਬਰ ਰਘਬੀਰ ਸਿੰਘ ਦੇ ਪੋਤੇ ਸੁਖਵੰਤ ਸਿੰਘ ਨੇ ਪੀਡਬਲਿਊਡੀ ਵਿਭਾਗ ਵੱਲੋਂ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਪੁੱਟ ਦਿੱਤੀਆਂ। ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸੜਕ ਬਣਾਈ ਜਾ ਰਹੀ ਹੈ। ਇਸ ਮੌਕੇ ਪਿੰਡ ਲਾਂਡਰਾਂ ਦੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਅਮਰਜੀਤ ਸਿੰਘ, ਨੰਬਰਦਾਰ ਗੁਰਜੀਤ ਸਿੰਘ, ਬੀਬੀ ਰਣਜੀਤ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ਕਰਕੇ ਕਿਸਾਨਾਂ ਨੂੰ 19 ਫੁੱਟ ਸੜਕ ਬਣਾਉਣ ਬਾਰੇ ਦੱਸਿਆ ਸੀ ਪਰ ਮੌਜੂਦਾ ਸਮੇਂ 23 ਫੁੱਟ ਚੌੜੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਕ ਕਿਸਾਨ ਨੇ ਅਦਾਲਤ ਦਾ ਬੂਹਾ ਖੜਕਾਇਆ ਸੀ ਅਤੇ ਅਦਾਲਤ ਨੇ ਕਿਸਾਨ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਸਬੰਧਤ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਟਾਈਲਾਂ ਪੁੱਟਣ ਅਤੇ ਕੰਮ ਰੁਕਵਾਉਣ ਬਾਰੇ ਜਦੋਂ ਮੁਹਾਲੀ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਸੋਹਾਣਾ ਪੁਲੀਸ ਨੂੰ ਮੌਕੇ ’ਤੇ ਭੇਜਿਆ ਗਿਆ। ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ। ਇਹ ਸੜਕ ਪਿੰਡ ਦੀ ਪੁਰਾਣੀ ਪਹੀ ’ਤੇ ਉਸਾਰੀ ਗਈ ਸੀ ਅਤੇ ਬਜ਼ੁਰਗ ਚੇਤ ਸਿੰਘ ਨੇ ਪਿੰਡ ਦੀ ਇਹ ਜ਼ਮੀਨ ਸਰਕਾਰ ਨੂੰ ਦੇਣ ਲਈ ਸਹਿਮਤੀ ਬਣਾਈ ਸੀ। ਪਹੀ ਦੀ ਚੌੜਾਈ 19 ਫੁੱਟ ਸੀ ਅਤੇ ਉਸ ਵੇਲੇ ਜਦੋਂ ਪੀਡਬਲਿਊਡੀ ਵਿਭਾਗ ਵੱਲੋਂ ਇੱਥੇ 19 ਦੀ ਥਾਂ 23 ਫੁੱਟ ਚੌੜੀ ਸੜਕ ਬਣਾਉਣ ਦੀ ਕਾਰਵਾਈ ਆਰੰਭੀ ਤਾਂ ਪਿੰਡ ਦੇ ਵਸਨੀਕ ਰਘਬੀਰ ਸਿੰਘ (ਸਾਬਕਾ ਐਮਪੀ) ਵੱਲੋਂ ਸਰਕਾਰ ਨਾਲ ਕਾਨੂੰਨੀ ਲੜਾਈ ਲੜੀ ਗਈ ਸੀ। ਸਾਬਕਾ ਐਮਪੀ ਦੇ ਪੋਤੇ ਸੁਖਵੰਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ’ਚ ਸੜਕ ਦੀ ਉਸਾਰੀ ਕਰਨ ਤੋਂ ਪਹਿਲਾਂ ਲੋੜੀਂਦੀ ਜ਼ਮੀਨ ਐਕੁਆਇਰ ਕੀਤੀ ਜਾਂਦੀ। ਇਸੇ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋੜੀਂਦੀ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਸ਼ੁਰੂ ਦਿੱਤੀ ਗਈ ਹੈ।