ਚੰਡੀਗੜ੍ਹ ਵਿਚ ਠੋਸ ਕੂੜਾ ਪ੍ਰਬੰਧਨ ਯੋਜਨਾ ਨੂੰ ਹਰੀ ਝੰਡੀ

21

December

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਯੋਜਨਾ ਨੂੰ ਭੱਖਵੀਂ ਬਹਿਸ ਤੋਂ ਬਾਅਦ ਮੱਦਾਂ ਵਿੱਚ ਸੋਧ ਕਰਦਿਆਂ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਗਰ ਨਿਗਮ ਸ਼ਹਿਰ ਵਿੱਚ 30 ਨਵੇਂ ਪਾਰਕਿੰਗ ਸਥਾਨ ਵਿਕਸਿਤ ਕਰੇਗਾ ਅਤੇ ਇਨ੍ਹਾਂ ਨੂੰ ਪੇਡ ਪਾਰਕਿੰਗ ਜ਼ੋਨ ਬਣਾਉਣ ਤੋਂ ਪਹਿਲਾਂ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਤੋਂ ਇਨ੍ਹਾਂ ਦੇ ਸੰਚਾਲਨ ਬਾਰੇ ਪੁੱਛਿਆ ਜਾਵੇਗਾ। ਮੇਅਰ ਦੇਵੇਸ਼ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਦੀ ਮੀਟਿੰਗ ਦੇਰ ਰਾਤ ਜਾਰੀ ਰਹੀ। ਦੱਸਣਯੋਗ ਹੈ ਕਿ ਮੇਅਰ ਦੇਵੇਸ਼ ਮੋਦਗਿਲ ਦੇ ਕਾਰਜਕਾਲ ਦੀ ਇਹ ਅੰਤਿਮ ਹਾਊਸ ਮੀਟਿੰਗ ਹੈ। ਮੀਟਿੰਗ ਦੌਰਾਨ ਸ਼ਹਿਰ ਦੇ ਕੂੜਾ ਪ੍ਰਬੰਧਨ ਨੂੰ ਲੈ ਕੇ ਪਾਸ ਕੀਤੇ ਮਤੇ ਅਨੁਸਾਰ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੇ ਸਫਾਈ ਕਰਮਚਾਰੀ ਪਹਿਲਾਂ ਦੀ ਤਰ੍ਹਾਂ ਹੀ ਕਾਰਜ ਕਰਦੇ ਰਹਿਣਗੇ। ਇਸ ਮਤੇ ਅਨੁਸਾਰ ਹੁਣ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੀ ਕਰਨਾ ਹੋਵੇਗਾ। ਇਸੇ ਤਰ੍ਹਾਂ ਪਾਰਕਿੰਗ ਦੇ ਮੁੱਦੇ ’ਤੇ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਜਿਸ ਤਰ੍ਹਾਂ ਸੈਕਟਰ-22 ਅਤੇ 19 ਵਿੱਚ ਮਾਰਕੀਟ ਐਸੋਸੀਏਸ਼ਨਾਂ ਪਾਰਕਿੰਗ ਸਥਾਨਾਂ ਦਾ ਸੰਚਾਲਨ ਕਰ ਰਹੀਆਂ ਹਨ, ਉਸੇ ਤਰ੍ਹਾਂ ਪ੍ਰਸਤਾਵਿਤ ਨਵੀਆਂ 30 ਪਾਰਕਿੰਗ ਸਥਾਨਾਂ ਦਾ ਸੰਚਾਲਨ ਕਰਨ ਲਈ ਮਾਰਕੀਟ ਐਸੋਸੀਏਸ਼ਨਾਂ ਦੀ ਸਲਾਹ ਲਈ ਜਾਵੇਗੀ ਅਤੇ ਇਸ ਤੋਂ ਬਾਅਦ ਨਗਰ ਨਿਗਮ ਇਥੇ ਪੇਡ ਪਾਰਕਿੰਗ ਸ਼ੁਰੂ ਕਰਨ ਬਾਰੇ ਸੋਚੇਗਾ। ਮੀਟਿੰਗ ਵਿੱਚ ਪੇਸ਼ ਕੀਤੇ 35 ਮਤਿਆਂ ਵਿਚੋਂ 26 ਮਤੇ ਤਾਂ ਦੁਪਹਿਰ ਦੇ ਭੋਜਨ ਦੀ ਬਰੇਕ ਤੋਂ ਪਹਿਲਾਂ ਹੀ ਪਾਸ ਅਤੇ ਡੈਫਰ ਹੋ ਗਏ ਸਨ ਪਰ ਠੋਸ ਕੂੜਾ ਪ੍ਰਬੰਧਨ ਸਕੀਮ ਲਾਗੂ ਕਰਨ ਦੇ ਮਤੇ ਉੱਤੇ ਦੇਰ ਰਾਤ ਤੱਕ ਬਹਿਸ ਹੁੰਦੀ ਰਹੀ। ਮੀਟਿੰਗ ਦੌਰਾਨ ਸ਼ਹਿਰ ਵਿੱਚ ਟੈਕਸੀ ਸਟੈਂਡਾਂ ਦੀ ਲਾਈਸੈਂਸ ਫੀਸ ਨੂੰ ਦੁੱਗਣਾ ਕਰ ਦਿੱਤਾ ਗਿਆ। ਸ਼ਹਿਰ ਵਿੱਚ ਇਸ ਸਮੇਂ 61 ਟੈਕਸੀ ਸਟੈਂਡ ਹਨ ਜਦੋਂਕਿ 14 ਟੈਕਸੀ ਸਟੈਂਡ ਗ਼ੈਰਕਾਨੂੰਨੀ ਚੱਲ ਰਹੇ ਹਨ। ਮੀਟਿੰਗ ਦੌਰਾਨ ਕੇਵਲ ਸ਼ਹਿਰ ਵਾਸੀਆਂ ਨੂੰ ਹੀ ਐਂਟੀ-ਰੈਬੀਜ਼ ਟੀਕਾ ਮੁਫ਼ਤ ਵਿੱਚ ਉਪਲਬਧ ਕਰਵਾਉਣ ਦੇ ਮਤੇ ’ਤੇ ਮੋਹਰ ਲਗਾਈ ਗਈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪਾਸ ਕੀਤੇ ਗਏ ਹੋਰ ਮਤਿਆਂ ਵਿੱਚ ਨਗਰ ਨਿਗਮ ਸ਼ਹਿਰ ਦੇ ਹਨੇਰੇ ਵਾਲੇ ਇਲਾਕਿਆਂ ਵਿੱਚ ਆਪਣੇ ਪੱਧਰ ’ਤੇ ਲਾਈਟ ਦੀ ਵਿਵਸਥਾ ਕਰੇਗਾ, ਨਿਗਮ ਦਫਤਰ ਵਿੱਚ ਕਰਮਚਾਰੀਆਂ ਨੂੰ ਸਰਦੀਆਂ ਦੀ ਵਰਦੀ ਲਈ ਨਕਦ ਰਾਸ਼ੀ ਦੇਣ, ਮਨੀਮਾਜਰਾ ਵਿੱਚ ਹਸਪਤਾਲ ਸਾਈਟ ਦੀ ਈ-ਆਕਸ਼ਨ, ਸੈਕਟਰ-24 ਦੇ ਕਮਿਊਨਿਟੀ ਕੇਂਦਰ ਦੇ ਉਸਾਰੀ ਦਾ ਕਾਰਜ ਪ੍ਰਸ਼ਾਸਨ ਨੂੰ ਸੌਂਪਣ ਨੂੰ ਹਰੀ ਝੰਡੀ ਦਿਖਾਈ ਗਈ।