ਨਸ਼ਾ ਤਸਕਰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ ਕਾਬੂ

11

December

2018

ਸੰਗਰੂਰ, ਸੰਗਰੂਰ ਪੁਲੀਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਇੱਕ ਲੱਖ ਨਸ਼ੀਲੀਆਂ ਗੋਲੀਆਂ ਅਤੇ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਨਸ਼ੀਲੀਆਂ ਗੋਲੀਆਂ ਦੀ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ। ਇਹ ਮੈਡੀਕਲ ਨਸ਼ਾ ਹਰਿਆਣਾ ਤੋਂ ਲਿਆ ਕੇ ਸੁਨਾਮ, ਦਿੜ੍ਹਬਾ, ਮੂਨਕ ਅਤੇ ਲਹਿਰਾਗਾਗਾ ਇਲਾਕੇ ’ਚ ਮਹਿੰਗੇ ਭਾਅ ਵੇਚਿਆ ਜਾਣਾ ਸੀ। ਇਸ ਮਾਮਲੇ ਵਿਚ ਹਰਿਆਣਾ ਦਾ ਇੱਕ ਦਵਾਈ ਵਿਕਰੇਤਾ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਮਗਰੋਂ ਫ਼ਰਾਰ ਹੋ ਗਿਆ ਹੈ। ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਕੇਵਲ ਕ੍ਰਿਸ਼ਨ ਨੇ ਸਣੇ ਪੁਲੀਸ ਪਾਰਟੀ ਗਸ਼ਤ ਦੌਰਾਨ ਸੂਆ ਪੁਲੀ ਚੱਠਾ ਨਨਹੇੜਾ ਰੋਡ ਸੁਨਾਮ ਵਿਚ ਮੋਟਰਸਾਈਕਲ ਸਵਾਰ ਨੂੰ ਰੋਕਿਆ। ਉਸ ਨੇ ਮੋਟਰਸਾਈਕਲ ਪਿੱਛੇ ਪਲਾਸਟਿਕ ਦਾ ਥੈਲਾ ਬੰਨ੍ਹਿਆ ਹੋਇਆ ਸੀ। ਉਸ ਵਿਚੋਂ 27 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਜਗਸੀਰ ਸਿੰਘ ਉਰਫ਼ ਕਾਲਾ ਵਾਸੀ ਚੂੜਲ ਕਲਾਂ ਥਾਣਾ ਲਹਿਰਾ ਦੀ ਨਿਸ਼ਾਨਦੇਹੀ ’ਤੇ ਉਸ ਦੇ ਪਸ਼ੂਆਂ ਵਾਲੇ ਘਰ ਵਿਚੋਂ 73,000 ਨਸ਼ੀਲੀਆਂ ਗੋਲੀਆਂ ਅਤੇ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਨਸ਼ਾ ਤਸਕਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਮੈਡੀਕਲ ਨਸ਼ਾ ਉਸ ਨੂੰ ਹਰਿਆਣਾ ਦੇ ਜਾਖ਼ਲ ਸ਼ਹਿਰ ਦਾ ਸੋਨੂੰ ਨਾਮੀ ਵਿਅਕਤੀ ਦੇ ਕੇ ਜਾਂਦਾ ਸੀ। ਐਸਐਸਪੀ ਅਨੁਸਾਰ ਸੋਨੂੰ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਪਰ ਉਹ ਜਾਖ਼ਲ ਸਥਿਤ ਆਪਣੀ ਦਵਾਈਆਂ ਦੀ ਦੁਕਾਨ ਬੰਦ ਕਰਕੇ ਫ਼ਰਾਰ ਹੋ ਗਿਆ ਹੈ। 27 ਸਾਲਾ ਜਗਸੀਰ ਸਿੰਘ 12ਵੀਂ ਪਾਸ ਹੈ। ਉਸ ਨੇ ਮੈਡੀਕਲ ਨਸ਼ਾ ਵੇਚਣ ਦਾ ਗ਼ੈਰਕਾਨੂੰਨੀ ਧੰਦਾ ਕਰੀਬ ਛੇ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਜਗਸੀਰ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਇਸ ਮੌਕੇ ਗੁਰਮੀਤ ਸਿੰਘ ਐਸ.ਪੀ. ਅਤੇ ਇੰਚਾਰਜ ਸੀਆਈਏ ਦਲਜੀਤ ਸਿੰਘ ਵਿਰਕ ਵੀ ਮੌਜੂਦ ਸਨ।