ਸੜਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ

11

December

2018

ਐਸਏਐਸ ਨਗਰ (ਮੁਹਾਲੀ), ਪਿੰਡ ਭਾਗੋਮਾਜਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਫਰਿਆਜ (37) ਤੇ ਲਾਇਕ ਮੁਹੰਮਦ (25) ਵਾਸੀ ਯੂਪੀ ਵਜੋਂ ਹੋਈ ਹੈ। ਜੋ ਇਸ ਸਮੇਂ ਪਿੰਡ ਭਾਗੋਮਾਜਰਾ ਸਥਿਤ ਟਾਈਲਾਂ ਬਣਾਉਣ ਵਾਲੀ ਫੈਕਟਰੀ ’ਚ ਰਹਿੰਦੇ ਸੀ। ਜਦੋਂਕਿ ਗੰਭੀਰ ਜ਼ਖ਼ਮੀ ਹੋਏ ਦੋ ਮਜ਼ਦੂਰਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ’ਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ’ਚੋਂ ਏਐਸਆਈ ਨਾਇਬ ਸਿੰਘ ਅਤੇ ਹੋਰ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਘਟਨਾ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਇੱਕ ਮਿੰਨੀ ਟਿੱਪਰ ’ਤੇ ਸਵਾਰ 4 ਮਜ਼ਦੂਰ ਟਾਈਲਾਂ ਲੈ ਕੇ ਚੰਡੀਗੜ੍ਹ ਨੂੰ ਰਹੇ ਸਨ। ਜਦੋਂ ਉਹ ਲਾਂਡਰਾਂ-ਬਨੂੜ ਮੁੱਖ ਸੜਕ ’ਤੇ ਸਥਿਤ ਪ੍ਰਧਾਨ ਢਾਬੇ ਕੋਲ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੇ ਚਾਲਕ ਨੇ ਅੱਗੇ ਜਾ ਰਹੇ ਮਿੰਨੀ ਟਿੱਪਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਹਾਦਸੇ ’ਚ ਮਜ਼ਦੂਰ ਫਰਿਆਜ ਤੇ ਲਾਇਕ ਮੁਹੰਮਦ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਨਾਲ ਮਿੰਨੀ ਟਿੱਪਰ ’ਚ ਸਵਾਰ 2 ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਟਰੱਕ ਚਾਲਕ ਆਪਣੇ ਟਰੱਕ ਸਣੇ ਮੌਕੇ ਤੋਂ ਫਰਾਰ ਹੋ ਗਿਆ, ਪਰ ਰਾਹਗੀਰਾਂ ਨੇ ਹਾਦਸਾਗ੍ਰਸਤ ਟਰੱਕ ਦਾ ਨੰਬਰ ਨੋਟ ਕਰਕੇ ਸੋਹਾਣਾ ਪੁਲੀਸ ਨੂੰ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਲਾਸ਼ਾਂ ਦਾ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।