ਚੰਡੀਗੜ੍ਹ ਨਿਗਮ ਨੂੰ ਦੋ ਪੈਟਰੋਲ ਪੰਪ ਲਾਉਣ ਦੀ ਮਨਜ਼ੂਰੀ ਮਿਲੀ

11

December

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਵੱਲੋਂ ਛੇਤੀ ਹੀ ਦੋ ਪੈਟਰੋਲ ਪੰਪ ਲਾ ਕੇ ਪੈਟਰੋਲ, ਡੀਜ਼ਲ ਤੇ ਸੀਐਨਜੀ ਗੈਸ ਵੇਚਣ ਦਾ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ। ਚੰਡੀਗੜ੍ਹ ਨਗਰ ਨਿਗਮ ਨੂੰ ਪ੍ਰਸ਼ਾਸਨ ਨੇ ਆਪਣੇ ਪੈਟਰੋਲ ਪੰਪ ਲਾਉਣ ਲਈ ਦੋ ਥਾਵਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸ਼ਾਸਨ ਦੀ ਇਸ ਮੰਜੂਰੀ ਬਾਰੇ ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਗਦਿਲ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਨੂੰ ਪੈਟਰੋਲ ਪੰਪ ਲਾਉਣ ਲਈ ਪ੍ਰਸ਼ਾਸਨ ਵੱਲੋਂ ਅਲਾਟ ਕੀਤੀਆਂ ਜਾਣ ਵਾਲੀਆਂ ਦੋ ਸਾਈਟਾਂ ਬਾਰੇ ਵਿੱਤ ਵਿਭਾਗ ਤੋਂ ਮਨਜ਼ੂਰੀ ਸਬੰਧੀ ਚਿੱਠੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਅਨੁਸਾਰ ਇਥੇ ਸੈਕਟਰ 51 ਏ ਵਿਕਾਸ ਮਾਰਗ ਤੇ ਉਦਯੋਗਿਕ ਖੇਤਰ ਫੇਜ਼ 2 ’ਚ ਪਲਾਟ ਨੰ. 1055 ਨੇੜੇ ਨਗਰ ਨਿਗਮ ਪਟਰੋਲ ਪੰਪ ਲਾਏਗਾ। ਪ੍ਰਸ਼ਾਸਨ ਵੱਲੋਂ ਇਹ ਦੋਵੇਂ ਥਾਵਾਂ ਸਾਲਾਨਾ ਲੀਜ਼ ’ਤੇ ਕਿਰਾਏ ’ਤੇ ਦਿੱਤੀਆਂ ਜਾਣਗੀਆਂ। ਇਥੇ ਪੈਟਰੋਲ ਪੰਪ ਲਾਉਣ ਤੋਂ ਪਹਿਲਾਂ ਨਗਰ ਨਿਗਮ ਨੂੰ ਜੰਗਲਾਤ ਵਿਭਾਗ ਤੇ ਇੰਜਨੀਅਰਿੰਗ ਵਿਭਾਗ ਤੋਂ ਮਨਜ਼ੂਰੀ ਆਪਣੇ ਪੱਧਰ ’ਤੇ ਲੈਣੀ ਹੋਵੇਗੀ। ਪੈਟਰੋਲ ਪੰਪ ਜਾਂ ਸੀਐਨਜੀ ਲਾਉਣ ਦੀਆਂ ਸਾਈਟਾਂ ’ਤੇ ਨਗਰ ਨਿਗਮ ਕੇਵਲ ਸਰਕਾਰੀ ਤੇਲ ਏਜੰਸੀਆਂ ਦੇ ਹੀ ਰਿਟੇਲ ਆਊਟਲੈੱਟ ਖੋਲ੍ਹ ਸਕੇਗਾ, ਜਿਨ੍ਹਾਂ ਅਨੁਸਾਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ., ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਆਦਿ ਦੇ ਹੀ ਪੈਟਰੋਲ ਪੰਪ ਲਗਾਏ ਜਾ ਸਕਣਗੇ।