ਠੇਕੇ ਨੂੰ ਅੱਗ ਲੱਗਣ ਕਾਰਨ ਵਿਅਕਤੀ ਜ਼ਿੰਦਾ ਸੜਿਆ

11

December

2018

ਡੇਰਾਬੱਸੀ, ਇਥੋਂ ਦੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਕੁੜਾਂਵਾਲਾ ਵਿੱਚ ਲੰਘੀ ਦੇਰ ਰਾਤ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਅੰਦਰ ਸੌਂ ਰਿਹਾ ਕਾਰਿੰਦਾ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋਏ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਸੁਗਰੀਵ ਵਾਸੀ ਮੂਲਰੂਪ ਜ਼ਿਲ੍ਹਾ ਊਨਾ, ਹਿਮਾਚਲ ਦੇ ਰੂਪ ਵਿੱਚ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੇਰਾਬੱਸੀ ਖੇਤਰ ਦੇ ਜ਼ਿਆਦਾਤਰ ਸ਼ਰਾਬ ਦੇ ਠੇਕੇ ਸਿੰਗਲਾ ਗਰੁੱਪ ਕੋਲ ਹਨ। ਇਨ੍ਹਾਂ ਵੱਲੋਂ ਕੁੜਾਂਵਾਲਾ ਵਿੱਚ ਬਰਵਾਲਾ ਰੋਡ ਵਿਨਸਮ ਧਾਗਾ ਫੈਕਟਰੀ ਦੇ ਸਾਹਮਣੇ ਟੀਨ ਦੇ ਖੋਖੇ ਵਿੱਚ ਲੰਘੇ ਕੁਝ ਮਹੀਨਿਆਂ ਤੋਂ ਠੇਕਾ ਚਲਾਇਆ ਜਾ ਰਿਹਾ ਸੀ। ਇਥੇ ਕੰਮ ਕਰਨ ਵਾਲਾ ਸੁਗਰੀਵ ਰੋਜ਼ਾਨਾ ਰਾਤ ਨੂੰ ਇਥੇ ਹੀ ਸੌਂਦਾ ਸੀ। ਲੰਘੀ ਰਾਤ ਤਕਰੀਬਨ ਸਵਾ ਇਕ ਵਜੇ ਸਾਹਮਣੇ ਪੈਂਦੀ ਵਿਨਸਮ ਫੈਕਟਰੀ ਦੇ ਚੌਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਠੇਕੇ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਅੱਗ ਲੱਗਣ ਕਾਰਨ ਸੜਿਆ ਸ਼ਰਾਬ ਦਾ ਠੇਕਾ ਤੇ (ਇਨਸੈੱਟ) ਸੁਗਰੀਵ ਕੁਮਾਰ। -ਫੋਟੋਆਂ: ਨਿਤਿਨ ਮਿੱਤਲ ਤੇ ਰੂਬਲ ਦਿੱਤੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਖੋਖੇ ਦਾ ਸ਼ਟਰ ਤੋੜ ਕੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਤਕਰੀਬਨ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਠੇਕੇ ਵਿੱਚ ਪਈ ਲੱਖਾਂ ਰੁਪਏ ਦੀ ਸ਼ਰਾਬ ਵੀ ਸੜਕੇ ਸੁਆਹ ਹੋ ਗਈ। ਅੱਗ ਦੌਰਾਨ ਠੇਕੇ ਅੰਦਰ ਪਿਆ ਘਰੇਲੂ ਗੈਸ ਦੇ ਸਿਲੰਡਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਐਨਾ ਭਿਆਨਕ ਸੀ ਕਿ ਸਿਲੰਡਰ ਦੇ ਪਰਖੱਚੇ ਉੱਡ ਗਏ। ਅੱਗ ਨਾਲ ਮ੍ਰਿਤਕ ਦੀ ਲਾਸ਼ ਵੀ ਬੁਰੀ ਤਰ੍ਹਾਂ ਨਾਲ ਸੜ ਗਈ ਜਿਸ ਨੂੰ ਬੜੀ ਮੁਸ਼ਕਲ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਸ਼ਾਦੀਸ਼ੁਦਾ ਸੀ ਜੋ ਲੰਮੇ ਸਮੇਂ ਤੋਂ ਸਿੰਗਲਾ ਗਰੁੱਪ ਕੋਲ ਬਤੌਰ ਕਰਿੰਦਾ ਕੰਮ ਕਰ ਰਿਹਾ ਸੀ। ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।