Arash Info Corporation

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਿਗਮ ਦੀ ਕਾਰਵਾਈ ‘ਬੇਅਸਰ’

03

December

2018

ਚੰਡੀਗੜ੍ਹ, ਚੰਡੀਗੜ੍ਹ ਵਿੱਚ ਵੈਂਡਰ ਐਕਟ ਦੀ ਆੜ ਹੇਠ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵਲੋਂ ਕੀਤੀ ਜਾ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਅਦਾਲਤ ਦੀ ਘੁੜਕੀ ਤੋਂ ਬਾਅਦ ਨਿਗਮ ਵੱਲੋਂ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਕਾਰਵਾਈ ਤਾਂ ਕਰ ਦਿੱਤੀ ਜਾਂਦੀ ਹੈ ਪਰ ਮੁੜ ਤੋਂ ਇਲਾਕੇ ਵਿੱਚ ਹੋਏ ਕਬਜ਼ਿਆਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਨਿਗਮ ਦੇ ਐਨਫੋਰਸਮੈਂਟ ਵਿੰਗ ਵਲੋਂ ਲੰਘੇ ਦਿਨ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਸੈਕਟਰ-22 ਅਤੇ 19 ਦੀਆਂ ਮਾਰਕੀਟਾਂ ਵਿੱਚ ਕੀਤੀ ਗਈ ਕਾਰਵਾਈ ਤੋਂ ਬਾਅਦ ਇਨਾਂ ਮਾਰਕੀਟਾਂ ਵਿੱਚ ਵੈਂਡਰਜ਼ ਨੇ ਮੁੜ ਕਬਜ਼ੇ ਕਰ ਲਏ ਹਨ ਜਦੋਂ ਕਿ ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਕਰਮਚਾਰੀ ਇਨ੍ਹਾਂ ਮਾਰਕੀਟਾਂ ਵਿੱਚ ਅਜੇ ਵੀ ਤਾਇਨਾਤ ਹਨ। ਇਨ੍ਹਾਂ ਬਾਜ਼ਾਰਾਂ ਵਿੱਚ ਰੇਹੜ੍ਹੀ-ਫੜ੍ਹੀ ਵਾਲਿਆਂ ਨੇ ਬੇਖੌਫ ਹੋ ਕੇ ਮੁੜ ਤੋਂ ਆਪਣੀਆਂ ਫੜ੍ਹੀਆਂ ਸਜਾ ਲਈਆਂ ਹਨ ਅਤੇ ਤੰਬੂ ਵੀ ਤਾਣ ਲਏ ਹਨ। ਸਦਰ ਬਾਜ਼ਾਰ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਨਿਗਮ ਦੀ ਕਾਰਵਾਈ ਤੋਂ ਬਾਅਦ ਰੇਹੜੀ ਫੜ੍ਹੀ ਵਾਲਿਆਂ ਨੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਝਗੜਾ ਕੀਤਾ ਸੀ ਕਿ ਉਨਾਂ ਨੇ ਨਿਗਮ ਨੂੰ ਸ਼ਿਕਾਇਤ ਕੀਤੀ ਹੈ। ਉਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰ ਜਿਥੇ ਇਨਾਂ ਰੇਹੜੀ-ਫੜ੍ਹੀ ਵਾਲਿਆਂ ਦੇ ਕਬਜ਼ਿਆਂ ਤੋਂ ਪ੍ਰੇਸ਼ਾਨ ਹਨ, ਉਥੇ ਹੁਣ ਉਨਾਂ ਨੂੰ ਆਪਣੀ ਸੁਰੱਖਿਆ ਦਾ ਡਰ ਵੀ ਸਤਾਉਣ ਲੱਗ ਪਿਆ ਹੈ। ਮਾਰਕੀਟ ਦੀ ਪਾਰਕਿੰਗ ਸਮੇਤ ਹੋਰ ਥਾਂਵਾਂ ’ਤੇ ਕੀਤੇ ਕਬਜ਼ਿਆਂ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਉਨ੍ਹਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕੇ ਵੈਂਡਰ ਐਕਟ ਅਧੀਨ ਰਜਿਸਟਰ ਹੋਏ ਰੇਹੜੀ-ਫੜ੍ਹੀ ਵਾਲਿਆਂ ਦੀ ਮੁੜ ਤੋਂ ਘੋਖ ਕੀਤੀ ਜਾਵੇ ਤੇ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੜ ਤੋਂ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।