Arash Info Corporation

ਖਟੌਲੀ ਕਾਂਡ: ਅਦਾਲਤ ਨੇ ਲਵਲੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ

01

December

2018

ਪੰਚਕੂਲਾ, ਖਟੌਲੀ ਹੱਤਿਆ ਕਾਂਡ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਲਵਲੀ ਨੂੰ ਅੱਜ ਅਦਾਲਤ ਨੇ ਨਿਆਂਇਕ ਹਿਰਾਸਤ ’ਤੇ ਭੇਜ ਦਿੱਤਾ ਹੈ। ਪੁਲੀਸ ਲਵਲੀ ਨੂੰ ਅੰਬਾਲਾ ਜੇਲ੍ਹ ਲੈ ਗਈ ਹੈ। ਇਸੇ ਦੌਰਾਨ ਲਵਲੀ ਦੇ ਪਤੀ ਰਾਮ ਕੁਮਾਰ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ ਤਾਂ ਕਿ ਸੁਧਾ ਹੱਤਿਆ ਮਾਮਲੇ ਵਿੱਚ ਗੱਡੀਆਂ ਬਰਾਮਦ ਹੋ ਸਕਣ। ਪੁਲੀਸ ਰਿਮਾਂਡ ਦੌਰਾਨ ਲਵਲੀ ਨੇ ਚਾਰ ਲੋਕਾਂ ਦੀ ਹੱਤਿਆ ਅਤੇ ਦੋ ਸਾਲ ਪਹਿਲਾਂ ਆਪਣੀ ਭਰਜਾਈ ਸੁਧਾ ਨੂੰ ਮਾਰਨ ਸਬੰਧੀ ਕਈ ਖੁਲਾਸੇ ਕੀਤੇ ਸਨ। ਪੁਲੀਸ ਦੇ ਇਕ ਅਧਿਕਾਰੀ ਅਨੁਸਾਰ ਲਵਲੀ ਨੇ ਆਪਣੇ ਪਤੀ ਰਾਮ ਕੁਮਾਰ ਦੇ ਨਾਲ ਜਦੋਂ ਆਪਣੀ ਭਰਜਾਈ ਸੁਧਾ ਨੂੰ ਮਾਰਿਆ ਸੀ ਤਾਂ ਉਸ ਦੀ ਲਾਸ਼ ਨੂੰ ਰਾਮ ਕੁਮਾਰ ਨੇ ਕੁਰੂਕਸ਼ੇਤਰ ਦੇ ਇਕ ਪਿੰਡ ਕੋਲ ਸਾੜ ਦਿੱਤਾ ਸੀ। ਪੁਲੀਸ ਨੇ ਉਥੋਂ ਦੇ ਵੀ ਮਿੱਟੀ ਦੇ ਸੈਂਪਲ ਲੈ ਕੇ ਮਧੂਬਨ ਦੀ ਲੈਬ ਵਿਚ ਭੇਜੇ ਹਨ ਅਤੇ ਹੁਣ ਲਵਲੀ ’ਤੇ ਭਰਜਾਈ ਦੀ ਹੱਤਿਆ ਦਾ ਮਾਮਲਾ ਵੀ ਦਰਜ ਕਰਨ ਤੋਂ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਲਵਲੀ ਨੇ ਰਿਮਾਂਡ ਦੌਰਾਨ ਦੱਸਿਆ ਕਿ ਉਸ ਨੇ ਰਾਜ ਬਾਲਾ ਅਤੇ ਪਤੀ ਰਾਮ ਕੁਮਾਰ ਦੇ ਭਤੀਜੇ ਮੋਹਿਤ ਨਾਲ ਮਿਲ ਕੇ ਭਰਜਾਈ ਸੁਧਾ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ। ਹੁਣ ਪੁਲੀਸ ਨੇ ਇਸ ਮਾਮਲੇ ਵਿਚ ਲਵਲੀ ਨੂੰ ਵੀ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਖਟੌਲੀ ਵਿਚ ਰਾਜ ਬਾਲਾ ਅਤੇ ਉਸ ਦੇ ਦੋ ਪੋਤਿਆਂ ਅਤੇ ਇਕ ਪੋਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਪੰਚਕੂਲਾ ਪੁਲੀਸ ਨੇ ਜਲਦੀ ਹੀ ਇਹ ਮਾਮਲਾ ਸੁਲਝਾ ਲਿਆ ਸੀ। ਉਧਰ ਇਸ ਮਾਮਲੇ ਨੂੰ ਲੈ ਕੇ ਰਾਜਬਾਲਾ ਦੇ ਭਰਾ ਸੁਰੇਸ਼ ਪਾਲ ਸਮੇਤ ਅੱਠ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਜਾਂਚ ਕਰ ਰਹੀ ਹੈ। ਸੁਰੇਸ਼ ਪਾਲ ਦੇ ਬੇਟੇ ਮੋਹਿਤ ਨੂੰ ਅਜੇ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਡੀਸਪੀ ਮੁਤਾਬਕ ਖਟੌਲੀ ਹੱਤਿਆ ਕਾਂਡ ਵਿਚ ਮੋਹਿਤ ਦਾ ਵੀ ਹੱਥ ਹੈ। ਮੋਹਿਤ ਨੂੰ ਲੱਭਣ ਲਈ ਪੁਲੀਸ ਕਈ ਥਾਈ ਛਾਪੇ ਮਾਰ ਰਹੀ ਹੈ।