ਕੂੜਾ ਪ੍ਰਬੰਧਨ ਬਾਰੇ ਬੇਸਿੱਟਾ ਰਹੀ ਨਿਗਮ ਦੀ ਮੀਟਿੰਗ

01

December

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਸਦਨ ਦੀ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਦੇ ਨਿਯਮਾਂ ਨੂੰ ਲਾਗੂ ਕਰਨ ਦਾ ਏਜੰਡਾ ਪਾਸ ਨਹੀਂ ਹੋ ਸਕਿਆ। ਇਸ ਸਬੰਧ ਵਿਚ ਪੰਜ ਘੰਟੇ ਹੋਈ ਬਹਿਸ ਵੀ ਬੇਸਿੱਟਾ ਰਹੀ। ਹੁਣ ਇਸ ਏਜੰਡੇ ਬਾਰੇ ਮੁੜ ਲੋਕਾਂ ਤੋਂ ਸੁਝਾਅ ਲਏ ਜਾਣਗੇ। ਦੱਸਣਯੋਗ ਹੈ ਕਿ ਬੀਤੇ ਜੁਲਾਈ ਮਹੀਨੇ ਵਿਚ ਨਿਗਮ ਦੀ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਦੇ ਏਜੰਡੇ ਨੂੰ ਪਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰਵਾਨਗੀ ਲਈ ਭੇਜਿਆ ਸੀ ਅਤੇ ਸਤੰਬਰ ਮਹੀਨੇ ਵਿਚ ਇਸ ਏਜੰਡੇ ਬਾਰੇ ਚੰਡੀਗੜ੍ਹ ਵਾਸੀਆਂ ਤੋਂ ਸੁਝਾਅ ਵੀ ਮੰਗੇ ਗਏ ਸਨ, ਪਰ ਲੋਕਾਂ ਨੇ ਇਸ ਏਜੰਡੇ ਬਾਰੇ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ। ਜੇਕਰ ਇਹ ਏਜੰਡਾ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਵਿਚ ਸਵੱਛਤਾ ਮੁਹਿੰਮ ਨੂੰ ਭਾਰੀ ਲਾਭ ਹੋਣਾ ਸੀ। ਨਗਰ ਨਿਗਮ ਨੇ ਦਸੰਬਰ ਮਹੀਨੇ ਤੋਂ ਕੂੜਾ ਪ੍ਰਬੰਧਨ ਬਾਰੇ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ ਵੀ ਕਰ ਲਈ ਸੀ, ਜਿਨ੍ਹਾਂ ’ਤੇ ਫਿਲਹਾਲ ਬਰੇਕ ਲੱਗ ਗਈ ਹੈ। ਚੰਡਗੜ੍ਹ ਨਗਰ ਨਿਗਮ ਨੇ ਹੁਣ ਪੰਜ ਮੈਂਬਰੀ ਕਮੇਟੀ ਬਣਾ ਕੇ ਇਸ ਏਜੰਡੇ ਬਾਰੇ ਲੋਕਾਂ ਦੀ ਰਾਇ ਜਾਨਣ ਦਾ ਫੈ਼ਸਲਾ ਕੀਤਾ ਹੈ। ਨਗਰ ਨਿਗਮ ਦੀ ਮੀਟਿੰਗ ਦੌਰਾਨ ਕੂੜਾ ਪ੍ਰਬੰਧਨ ਬਾਰੇ ਅੱਜ ਜੋ ਡਰਾਫਟ ਪੇਸ਼ ਕੀਤਾ ਗਿਆ, ਉਸ ਵਿਚ ਸੌਲਿੱਡ ਵੇਸਟ ਦੇ ਨਿਪਟਾਰੇ ਲਈ ਅਤੇ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਲਈ ਯੂਜ਼ਰ ਫੀਸ ਅਤੇ ਜੁਰਮਾਨੇ ਦਾ ਮਤਾ ਪੇਸ਼ ਕੀਤਾ ਗਿਆ ਸੀ, ਜੋ ਪਾਸ ਨਾ ਹੋ ਸਕਿਆ। ਨਗਰ ਨਿਗਮ ਨੇ ਇਸ ਵਾਰ ਸਟਾਰ ਰੇਟਿੰਗ ਸਿਸਟਮ ਤਹਿਤ ਚੰਡੀਗੜ੍ਹ ਨੂੰ ਫਾਈਵ ਸਟਾਰ ਰੇਟਿੰਗ ਵਿਚ ਲਿਆਉਣ ਦਾ ਟੀਚਾ ਮਿੱਥਿਆ ਹੈ। ਇਸੇ ਤਰ੍ਹਾਂ ਡੰਪਰ ਪਲੇਸਰ ਦੀ ਥਾਂ ਨੀਲੇ ਤੇ ਹਰੇ ਰੰਗਾਂ ਦੇ ਕੰਟੇਨਰ ਲਗਾਏ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਅਨੁਸਾਰ ਕੂੜਾ ਇਕੱਠਾ ਕਰਨ ’ਤੇ ਲੱਗਣ ਵਾਲਾ ਸੈੱਸ ਪਾਣੀ ਦੇ ਬਿੱਲ ਵਿਚ ਜੋੜ ਕੇ ਲੋਕਾਂ ਨੂੰ ਦਿੱਤਾ ਜਾਵੇਗਾ। ਅੱਜ ਮੀਟਿੰਗ ਵਿਚ ਜੋ ਡਰਾਫਟ ਪੇਸ਼ ਕੀਤਾ ਗਿਆ, ਉਸ ਵਿਚ ਕਿਹਾ ਗਿਆ ਕਿ ਨਗਰ ਨਿਗਮ ਕੋਲ ਜੋ 1447 ਰਜਿਸਟਰਡ ਸਫ਼ਾਈ ਸੇਵਕ ਹਨ, ਉਨ੍ਹਾਂ ਨੂੰ ਨਿਗਮ ਵਿਚ ਆਊਟ ਸੋਰਸ ਕਰਮਚਾਰੀਆਂ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਮਤੇ ਦਾ ਸਭ ਤੋਂ ਪਹਿਲਾਂ ਵਿਰੋਧ ਭਾਜਪਾ ਕੌਂਸਲਰ ਭਰਤ ਕੁਮਾਰ ਨੇ ਕੀਤਾ। ਇਸ ਮਗਰੋਂ ਕੌਂਸਲਰ ਅਰੁਣ ਸੂਦ ਵੀ ਇਸ ਮੁੱਦੇ ’ਤੇ ਸੱਤ ਘੰਟਿਆਂ ਤੱਕ ਬੋਲਦੇ ਰਹੇ, ਜਿਸ ਕਾਰਨ ਏਜੰਡੇ ਵਿਚ ਰੱਖੇ 29 ਮਤਿਆਂ ਵਿਚੋਂ ਸਿਰਫ਼ ਤਿੰਨ ਮਤੇ ਹੀ ਪਾਸ ਹੋ ਸਕੇ। ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਵਿਚ ਵਿਚਾਲੇ ਸ੍ਰੀ ਸੂਦ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀਂ ਰੁਕੇ। ਇਸ ਕਾਰਨ ਕੂੜਾ ਪ੍ਰਬੰਧਨ ਨਿਯਮ ਇੱਕ ਵਾਰ ਫਿਰ ਲਾਗੂ ਹੋਣ ਤੋਂ ਰਹਿ ਗਏ ਹਨ। ਕੌਂਸਲਰ ਦੇ ਪਤੀ ’ਤੇ ਧਮਕਾਉਣ ਦਾ ਦੋਸ਼ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਭਾਜਪਾ ਕੌਂਸਲਰ ਚੰਦਰਵਤੀ ਸ਼ੁਕਲਾ ਦੇ ਪਤੀ ਪੱਪੂ ਸ਼ੁਕਲਾ ’ਤੇ ਦੋਸ਼ ਲਗਾਇਆ ਕਿ ਉਹ ਦਸ ਮਿੰਟਾਂ ਤੱਕ ਫੋਨ ’ਤੇ ਉਨ੍ਹਾਂ ਨੂੰ ਧਮਕਾਉਂਦੇ ਰਹੇ। ਉਨ੍ਹਾਂ ਕਿਹਾ ਕਿ ਪੱਪੂ ਸ਼ੁਕਲਾ ਨੇ ਉਨ੍ਹਾਂ ਨੂੰ ਧਮਕਾਇਆ ਕਿ ਉਹ ਉਸ ਦੇ ਵਾਰਡ ਵਿਚ ਜਾ ਕੇ ਟੁੱਲੂ ਪੰਪ ਕਿਵੇਂ ਹਟਾ ਸਕਦਾ ਹੈ। ਨਿਗਮ ਕਮਿਸ਼ਨਰ ਨੇ ਸਪਸ਼ਟ ਕਿਹਾ ਕਿ ਜੇਕਰ ਕੋਈ ਵਿਅਕਤੀ, ਜੋ ਕੌਂਸਲਰ ਨਹੀਂ ਹੈ, ਫੋਨ ’ਤੇ ਉਨ੍ਹਾਂ ਨੂੰ ਧਮਕੀ ਦੇਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।