Arash Info Corporation

ਸਿੱਧੂ ਭਾਰਤ-ਪਾਕਿਸਤਾਨ ਵਿਚੋਂ ਆਪਣੀ ਤਰਜੀਹ ਸਪਸ਼ਟ ਕਰਨ: ਸੁਖਬੀਰ

30

November

2018

ਅੰਮ੍ਰਿਤਸਰ, ਪਾਕਿਸਤਾਨ ਦੌਰੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਪੀਜੀਪੀਸੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਨਸ਼ਰ ਹੋਣ ਮਗਰੋਂ ਸ੍ਰੀ ਸਿੱਧੂ ਇਕ ਵਾਰ ਮੁੜ ਵਿਵਾਦ ਦੇ ਘੇਰੇ ਵਿਚ ਆ ਗਏ ਹਨ। ਅਕਾਲੀ ਭਾਜਪਾ ਆਗੂਆਂ ਵੱਲੋਂ ਉਸ ਨੂੰ ਮੁੜ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਿੱਧੂ ’ਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਉਨ੍ਹਾਂ ਦੀ ਤਰਜੀਹ ਭਾਰਤ ਹੈ ਜਾਂ ਪਾਕਿਸਤਾਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਥੋਂ ਤਕ ਕਿਹਾ ਕਿ ਉਹ ਪਾਕਿਸਤਾਨ ਵਿਚ ਕਾਂਗਰਸ ਦਾ ਯੂਨਿਟ ਸਥਾਪਤ ਕਰੇ, ਜਿਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਥਾਪ ਦਿੱਤਾ ਜਾਵੇ। ਦੂਜੇ ਪਾਸੇ ਦਿੱਲੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸ੍ਰੀ ਸਿੱਧੂ ਨੇ ਖੁਦ ਇਹ ਤਸਵੀਰ ਨਹੀਂ ਖਿਚਵਾਈ ਹੈ ਸਗੋਂ ਗੋਪਾਲ ਸਿੰਘ ਚਾਵਲਾ ਵੱਲੋਂ ਕਈ ਵਾਰ ਯਤਨ ਕਰਨ ਤੋਂ ਬਾਅਦ ਖਿੱਚੀ ਗਈ ਹੈ। ਸੁਖਬੀਰ ਸਿੰਘ ਬਾਦਲ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਹੋਏ ਸਨ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਇਸ ਮੁੱਦੇ ‘ਤੇ ਸਿੱਧੂ ਖ਼ਿਲਾਫ਼ ਕਾਫੀ ਭੜਾਸ ਕੱਢੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਨੂੰ ਭਾਰਤੀ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੀ ਤਰਜੀਹ ਭਾਰਤ ਹੈ ਜਾਂ ਪਾਕਿਸਤਾਨ। ਜਿਸ ਨਾਲ ਹੱਥ ਮਿਲਾਇਆ ਹੈ, ਉਹ ਭਾਰਤ ਵਿਰੋਧੀ ਵਿਅਕਤੀ ਹੈ ਅਤੇ ਭਾਰਤ ਵਿੱਚ ਭੰਨਤੋੜ ਦੀਆਂ ਕਾਰਵਾਈਆਂ ਕਰਾਉਣ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਨੀਂਹ ਪੱਥਰ ਸਮਾਗਮ ਵਿਚ ਪਹਿਲੀ ਕਤਾਰ ਵਿਚ ਬਿਠਾ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਉਹ ਅਤਿਵਾਦੀ ਤੇ ਵੱਖਵਾਦੀ ਸਮਰਥਕਾਂ ਨੂੰ ਵੀਆਈਪੀ ਵਜੋਂ ਮਾਨਤਾ ਦਿੰਦੇ ਹਨ। ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲਾਂਘਾ ਨੀਂਹ ਪੱਥਰ ‘ਤੇ ਨਾਵਾਂ ਸਬੰਧੀ ਵਿਵਾਦ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਰੰਧਾਵਾ ਅਤੇ ਸਿੱਧੂ ਦੋਵੇਂ ਸਕੇ ਭਰਾ ਹਨ। ਇਸੇ ਤਰ੍ਹਾਂ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਅਤਿਵਾਦੀ ਸਮਰਥਕਾਂ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਮੰਤਰੀ ਮੰਡਲ ਵਿਚੋਂ ਖਾਰਜ ਕਰੇ। ਨਵਜੋਤ ਸਿੰਘ ਸਿੱਧੂ ਵਾਂਗ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਵੀ ਇਕ ਤਸਵੀਰ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈ ਹੈ, ਬਾਰੇ ਅਕਾਲੀ ਆਗੂ ਨੇ ਗੋਲਮੋਲ ਜਵਾਬ ਦੇ ਕੇ ਆਖਿਆ ਕਿ ਪਾਕਿਸਤਾਨ ਸਰਕਾਰ ਦੇ ਮਹਿਮਾਨ ਵਜੋਂ ਉਥੇ ਗਏ ਸਨ ਅਤੇ ਜਿਥੇ ਉਨ੍ਹਾਂ ਨੂੰ ਸੀਟ ਦਿੱਤੀ ਗਈ, ਉਹ ਉਥੇ ਬੈਠ ਗਏ। ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਸਿੱਧੂ ਦੇ ਪੱਖ ਵਿਚ ਆਏ ਸਰਨਾ ਪਰਮਜੀਤ ਸਿੰਘ ਸਰਨਾ ਨੇ ਸਿੱਧੂ ਦੇ ਹੱਕ ਵਿਚ ਆਉਂਦਿਆਂ ਆਖਿਆ ਕਿ ਉਸ ਨੇ ਗੋਪਾਲ ਸਿੰਘ ਚਾਵਲਾ ਨਾਲ ਕੋਈ ਤਸਵੀਰ ਨਹੀਂ ਖਿਚਵਾਈ ਹੈ। ਸਗੋਂ ਗੋਪਾਲ ਸਿੰਘ ਚਾਵਲਾ ਵੱਲੋਂ ਤਸਵੀਰ ਖਿਚਵਾਉਣ ਲਈ ਜਦੋਜਹਿਦ ਕੀਤੀ ਜਾ ਰਹੀ ਸੀ। ਉਨ੍ਹਾਂ ਆਖਿਆ ਕਿ ਸਿੱਧੂ ਦਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਉਂਜ ਗੋਪਾਲ ਸਿੰਘ ਚਾਵਲਾ ਕੋਈ ਵੱਡੀ ਹਸਤੀ ਨਹੀਂ ਹੈ, ਜਿਸ ਨੂੰ ਇੰਨਾ ਪ੍ਰਚਾਰਿਆ ਜਾ ਰਿਹਾ ਹੈ।