ਸਕੂਲ ਵਿੱਚ ‘ਗੋਦ ਭਰਾਈ’ ਦੀ ਰਸਮ ਕਾਰਨ ਵਿਵਾਦ

30

November

2018

ਚੰਡੀਗੜ੍ਹ ਇਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-49 ਵਿੱਚ ਗੋਦ ਭਰਾਈ ਦੀ ਰਸਮ ਕੀਤੀ ਗਈ। ਇਸ ਸਬੰਧੀ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕਰਕੇ ਕਿਹਾ ਗਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰਕੇ ਸਕੂਲ ਸਮੇਂ ਵਿਚ ਹੀ ਇਹ ਰਸਮ ਕੀਤੀ ਗਈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਇਸ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-49 ਦਾ ਇਹ ਸਕੂਲ ਸ਼ਹਿਰ ਦਾ ਦੂਜਾ ਡੇਅ ਬੋਰਡਿੰਗ ਸਕੂਲ ਹੈ ਜਿਸ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਵਿਸ਼ੇਸ਼ ਯਤਨਾਂ ਕਰਕੇ ਸ਼ੁਰੂ ਕੀਤਾ ਗਿਆ ਸੀ। ਇਸ ਸਕੂਲ ਵਿਚ ਇਹ ਰਸਮ ਚਾਰ ਦਿਨ ਪਹਿਲਾਂ ਕੀਤੀ ਗਈ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਰਸਮ ਸਕੂਲ ਵਿਚ ਛੁੱਟੀ ਤੋਂ ਪਹਿਲਾਂ ਪ੍ਰਿੰਸੀਪਲ ਦੇ ਕਮਰੇ ਵਿਚ ਹੀ ਕੀਤੀ ਗਈ। ਇਸ ਕਾਰਨ ਵਿਦਿਆਰਥੀਆਂ ਦੇ ਪੀਰੀਅਡ ਵੀ ਨਹੀਂ ਲਏ ਗਏ। ਉਨ੍ਹਾਂ ਇਸ ਮਾਮਲੇ ਦੀ ਵੀ ਮੰਗ ਕੀਤੀ ਕਿ ਸਕੂਲ ਵਿਚ ਕੁਝ ਖਾਸ ਜਣਿਆਂ ਨੂੰ ਗਿਣਤੀ ਦੇ ਹੀ ਪੀਰੀਅਡ ਦਿੱਤੇ ਜਾਂਦੇ ਹਨ ਤੇ ਇਸ ਸਕੂਲ ਦੀ ਇਕ ਅਧਿਆਪਕਾ ਨੂੰ ਸਿਰਫ ਦਿਨ ਵਿਚ ਦੋ ਹੀ ਪੀਰੀਅਡ ਦਿੱਤੇ ਜਾਂਦੇ ਹਨ ਜਦਕਿ ਬਾਕੀ ਦੇ ਅਧਿਆਪਕਾਂ ਕੋਲ ਪੰਜ ਤੋਂ ਛੇ ਪੀਰੀਅਡ ਕੰਮ ਲਿਆ ਜਾਂਦਾ ਹੈ। ਸ਼ਿਕਾਇਤਕਰਤਾ ਨੇ ਪੰਜਾਬੀ ਟ੍ਰਿਬਿਊਨ ਨੂੰ ਪੀਰੀਅਡ ਲੈਣ ਦੀ ਸੂਚੀ ਤੇ ਗੋਦ ਭਰਾਈ ਦੀਆਂ ਤਸਵੀਰਾਂ ਵੀ ਸੌਂਪੀਆਂ ਹਨ। ਉਨ੍ਹਾਂ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਾਕੀ ਸਕੂਲਾਂ ਵਿਚ ਵੀ ਸਕੂਲ ਸਮੇਂ ਅਜਿਹੀਆਂ ਗਤੀਵਿਧੀਆਂ ਨਾ ਕੀਤੀਆਂ ਜਾਣ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ। ਸਕੂਲ ਸਮੇਂ ਤੋਂ ਬਾਅਦ ਕੀਤੀ ਗਈ ਰਸਮ: ਪ੍ਰਿੰਸੀਪਲ ਪ੍ਰਿੰਸੀਪਲ ਲਵਲੀਨ ਨੇ ਦੱਸਿਆ ਕਿ ਅਧਿਆਪਕਾ ਦੀ ਗੋਦ ਭਰਾਈ ਦੀ ਰਸਮ ਸਕੂਲ ਸਮੇਂ ਤੋਂ ਬਾਅਦ ਕੀਤੀ ਗਈ ਸੀ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਹਰ ਅਧਿਆਪਕ ਨੂੰ ਇਕੋ ਜਿਹੇ ਹੀ ਪੀਰੀਅਡ ਦਿੱਤੇ ਜਾ ਰਹੇ ਹਨ ਤੇ ਸਿਰਫ ਇਕ ਅਧਿਆਪਕਾ ਨੂੰ ਸਿਹਤ ਸਬੰਧੀ ਸਮੱਸਿਆ ਕਾਰਨ ਹੀ ਕੁਝ ਦਿਨਾਂ ਲਈ ਘੱਟ ਪੀਰੀਅਡ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਸਭ ਕੁੱਝ ਮਿਆਰੀ ਪੱਧਰ ’ਤੇ ਚੱਲ ਰਿਹਾ ਹੈ।