ਐਨਫੋਰਸਮੈਂਟ ਵਿੰਗ ਨੇ ਨਾਜਾਇਜ਼ ਕਬਜ਼ੇ ਹਟਾਏ

30

November

2018

ਚੰਡੀਗੜ੍ਹ, ਸ਼ਹਿਰ ਦੇ ਬਜ਼ਾਰਾਂ ਦੀਆਂ ਪਾਰਕਿੰਗਾਂ ਵਿੱਚ ਵੈਂਡਰ ਐਕਟ ਦੀ ਆੜ ਹੇਠ ਕਬਜ਼ਾ ਕਰਕੇ ਬੈਠੇ ਲੋਕਾਂ ਨੂੰ ਖਦੇੜਣ ਲਈ ਨਗਰ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਅੱਜ ਸੈਕਟਰ-19 ਦੇ ਸਦਰ ਬਾਜ਼ਾਰ ਅਤੇ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਵਿੱਚ ਵੱਡੀ ਮੁਹਿੰਮ ਚਲਾਈ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਕਬਜ਼ਾ ਕਰਕੇ ਰੱਖੇ ਸਾਮਾਨ ਨੂੰ ਪੰਜ ਟਰੱਕਾਂ ਵਿੱਚ ਲੋਡ ਕਰਕੇ ਜ਼ਬਤ ਕਰ ਲਿਆ। ਇਸ ਕਾਰਵਾਈ ਦਾ ਵੈਂਡਰਾਂ ਨੇ ਵਿਰੋਧ ਵੀ ਕੀਤਾ ਪਰ ਨਿਗਮ ਟੀਮ ਦੇ ਨਾਲ ਪੁਲੀਸ ਵੀ ਹਾਜ਼ਰ ਸੀ ਜਿਸ ਕਾਰਨ ਟੀਮ ਨੇ ਬੇਖੌਫ਼ ਹੋ ਕੇ ਆਪਣੀ ਕਾਰਵਾਈ ਜਾਰੀ ਰੱਖੀ। ਨਿਗਮ ਦੇ ਵਧੀਕ ਕਮਿਸ਼ਨਰ ਤਿਲਕ ਰਾਜ ਦੇ ਆਦੇਸ਼ਾਂ ’ਤੇ ਐਨਫੋਰਸਮੇਂਟ ਵਿਭਾਗ ਦੀਆਂ ਟੀਮਾਂ ਨੇ ਮਾਰਕੀਟਾਂ ਵਿੱਚ ਨਾਜਾਇਜ਼ ਥਾਵਾਂ ’ਤੇ ਰੱਖਿਆ ਸਾਮਾਨ ਜ਼ਬਤ ਕੀਤਾ ਅਤੇ ਚਲਾਨ ਕੱਟੇ। ਨਿਗਮ ਦੀਆਂ ਟੀਮਾਂ ਨੇ ਸੈਕਟਰ-19 ਵਿੱਚ 84 ਅਤੇ ਸੈਕਟਰ-22 ਵਿੱਚ 71 ਕਾਬਜ਼ਕਾਰਾਂ ਦੇ ਚਲਾਨ ਕੱਟੇ। ਮਾਰਕੀਟ ਦੇ ਦੁਕਾਨਦਾਰਾਂ ਨੇ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲੀਆਂ ਨਾਲ ਜਿਥੇ ਮਾਰਕੀਟ ਵਿੱਚ ਆਉਣ ਵਾਲੇ ਗਾਹਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਵਿੱਚ ਸਮੱਸਿਆ ਆਉਂਦੀ ਹੈ, ਉਥੇ ਹੀ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸੇ ਦੌਰਾਨ ਸੈਕਟਰ-19 ਦੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਨਿਗਮ ਨੇ ਭਲਕੇ ਹਾਈ ਕੋਰਟ ਵਿਚ ਨਾਜਾਇਜ਼ ਕਬਜ਼ਿਆਂ ਢਾਹੁਣ ਸਬੰਧੀ ਰਿਪੋਰਟ ਪੇਸ਼ ਕਰਨੀ ਹੈ, ਜਿਸ ਕਾਰਨ ਦਿਖਾਵੇ ਲਈ ਇਹ ਕਾਰਵਾਈ ਕੀਤੀ ਹੈ।