ਗ੍ਰਨੇਡ ਮਾਮਲਾ: ਸ਼ਬਨਮਦੀਪ, ਸੇਵਕ ਤੇ ਮਾਜਰੀ ਦੇ ਰਿਮਾਂਡ ’ਚ ਵਾਧਾ

27

November

2018

ਪਟਿਆਲਾ, ਪਟਿਆਲਾ ਵਿੱਚ ਗ੍ਰਨੇਡ ਅਤੇ ਪਿਸਤੌਲ ਸਮੇਤ ਕਾਬੂ ਕੀਤੇ ਗਏ ‘ਖਾਲਿਸਤਾਨ ਗਦਰ ਫੋਰਸ’ ਦੇ ਆਗੂ ਸ਼ਬਨਮਦੀਪ ਸਿੰਘ ਸਮੇਤ ਉਸ ਦੇ ਦੋਵੇਂ ਸਾਥੀਆਂ ਗੁਰਸੇਵਕ ਸਿੰਘ ਸੇਵਕ ਅਤੇ ਜਤਿੰਦਰ ਸਿੰਘ ਮਾਜਰੀ ਦੇ ਪੁਲੀਸ ਰਿਮਾਂਡ ਵਿਚ ਤਿੰਨ ਦਿਨ ਦਾ ਹੋਰ ਵਾਧਾ ਹੋ ਗਿਆ। ਇਨ੍ਹਾਂ ਤਿੰਨਾਂ ਨੂੰ ਪਹਿਲਾ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਆਈਐੱਸਆਈ ਦੇ ਇੱਕ ਅਧਿਕਾਰੀ ਜਾਵੇਦ ਖਾਨ ਨਾਲ ਸਬੰਧ ਹੋਣ ਦੀ ਗੱਲ ਕਬੂਲਣ ਤੋਂ ਇਲਾਵਾ ਇਹ ਵੀ ਦੱਸਿਆ ਹੈ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਗ੍ਰਨੇਡ ਉਸ ਨੇ ਪਟਿਆਲਾ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਸੁੱਟਣਾ ਸੀ, ਜਿਸ ਬਦਲੇ ਉਸ ਨੂੰ ਵਿਦੇਸ਼ ਤੋਂ ਦਸ ਲੱਖ ਰੁਪਏ ਮਿਲਣੇ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਗ੍ਰਨੇਡ ਹਮਲੇ ਵਾਂਗ ਹੀ ਸ਼ਬਨਮਦੀਪ ਸਿੰਘ ਨੇ ਵੀ ਗ੍ਰਨੇਡ ਵਿਦੇਸ਼ ਤੋਂ ਵੱਟਸਐਪ ਰਾਹੀਂ ਪੁੱਜੇ ਨਕਸ਼ੇ ਤਹਿਤ ਖੰਨਾ ਤੋਂ ਹਾਸਲ ਕੀਤਾ ਸੀ, ਜੋ ਸੜਕ ਕਿਨਾਰੇ ਦੱਬਿਆ ਹੋਇਆ ਸੀ। ਉਸ ਦੇ ਬਿਆਨ ‘ਤੇ ਹੀ ਇਸ ਕੇਸ ਵਿਚ ਸੇਵਕ ਅਤੇ ਮਾਜਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਬਨਮਦੀਪ ਤੋਂ 25 ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਸੀਆਈਏ ਸਟਾਫ਼ ’ਚ ਐੱਸਪੀਡੀ ਮਨਜੀਤ ਬਰਾੜ ਦੀ ਅਗਵਾਈ ਹੇਠਾਂ ਡੀਐੱਸਪੀ (ਡੀ) ਸੁਖਮਿੰਦਰ ਚੌਹਾਨ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।