ਨਾਜਾਇਜ਼ ਸ਼ਰਾਬ ਦੀਆਂ 111 ਪੇਟੀਆਂ ਸਣੇ ਪੰਜ ਗ੍ਰਿਫ਼ਤਾਰ

27

November

2018

ਜ਼ੀਰਕਪੁਰ, ਪੁਲੀਸ ਨੇ 111 ਪੇਟੀਆਂ (1080) ਨਾਜਾਇਜ਼ ਸ਼ਰਾਬ ਸਮੇਤ ਪੰਜ ਵਿਅਮਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ’ਚ ਮੁਲਜ਼ਮ ਕਾਲੇ ਰੰਗ ਦੀ ਸਕਾਰਪਿਓ ਗੱਡੀ ਵਿੱਚ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਲੈ ਕੇ ਆ ਰਹੇ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਵੱਡੀ ਮਾਤਰਾ ’ਚ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਲਿਆਈ ਜਾ ਰਹੀ ਹੈ। ਏ.ਐਸ.ਆਈ. ਸਤਨਾਮ ਸਿੰਘ ਦੀ ਅਗਵਾਈ ’ਚ ਨਾਕਾਬੰਦੀ ’ਚ ਪਟਿਆਲਾ ਚੌਕ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਤੋਂ ਆ ਰਹੀ ਕਾਲੇ ਰੰਗ ਦੀ ਸਕਾਰਪਿਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 90 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਹੋਈਆਂ। ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿਕਣਯੋਗ ਸੀ। ਪੁਲੀਸ ਨੇ ਗੱਡੀ ’ਚ ਸਵਾਰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਗੁਰਪਾਲ ਸਿੰਘ ਉਰਫ਼ ਸੰਧੂ ਵਾਸੀ ਤਰਨਤਾਰਨ ਹਾਲ ਵਾਸੀ ਮਾਇਆ ਗਾਰਡਨ ਸਿਟੀ ਤੇ ਸੁਖਦੇਵ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ) ਬਲੌਂਗੀ ਪੁਲੀਸ ਨੇ ਇੱਕ ਸਵਿਫ਼ਟ ਕਾਰ ’ਚ ਸਵਾਰ ਤਿੰਨ ਵਿਅਕਤੀਆਂ ਨੂੰ 21 ਪੇਟੀਆਂ ਨਾਜਾਇਜ਼ ਸ਼ਰਾਬ (ਦੇਸੀ ਸ਼ਰਾਬ ਸੰਤਰਾ) ਸਣੇ ਗ੍ਰਿਫ਼ਤਾਰ ਕੀਤਾ ਹੈ। ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਧਰਮਵੀਰ ਸਿੰਘ ਵਾਸੀ ਭੋਗੀਵਾਲ (ਸੰਗਰੂਰ) ਤੇ ਜਗਸੀਰ ਸਿੰਘ ਤੇ ਰਜਿੰਦਰ ਸਿੰਘ ਦੋਵੇਂ ਵਾਸੀ ਪਿੰਡ ਵਜੀਦਗੜ੍ਹ ਰੇਣੂ (ਸੰਗਰੂਰ) ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਸਵਿਫ਼ਟ ਕਾਰ ਵੀ ਜ਼ਬਤ ਕਰ ਲਈ ਹੈ। ਲੰਘੀ ਅੱਧੀ ਰਾਤ ਦੇ ਕਰੀਬ ਬਲੌਂਗੀ ਸੜਕ ’ਤੇ ਸਥਿਤ ਪੁਰਾਣੇ ਟੈਕਸ ਬੈਰੀਅਰ ਦੇ ਨੇੜੇ ਏਐਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਇੱਕ ਸਵਿਫ਼ਟ ਕਾਰ ਦੀ ਤਲਾਸ਼ੀ ਲਈ ਤਾਂ ਪਿਛਲੀ ਸੀਟ ਤੇ ਡਿੱਗੀ ਵਿੱਚ ਸ਼ਰਾਬ ਦੀਆਂ 21 ਪੇਟੀਆਂ (252 ਬੋਤਲਾਂ) ਬਰਾਮਦ ਕੀਤੀਆਂ ਗਈਆਂ।