ਖਟੌਲੀ ਕਤਲ ਕਾਂਡ: ਅਦਾਲਤ ਵੱਲੋਂ ਲਵਲੀ ਦਾ ਦੋ ਰੋਜ਼ਾ ਪੁਲੀਸ ਰਿਮਾਂਡ

27

November

2018

ਪੰਚਕੂਲਾ, ਖਟੌਲੀ ਕਤਲ ਕਾਂਡ ਮਾਮਲੇ ’ਚ ਅੱਜ ਲਵਲੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਦਾ ਦੋ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਸੀ। ਉਸ ਨੇ ਇਸ ਕਤਲ ਕਾਂਡ ਬਾਰੇ ਅਤੇ ਪਰਿਵਾਰ ਦੀ ਇਕ ਹੋਰ ਮਹਿਲਾ ਸੁਧਾ ਦੀ ਮੌਤ ਬਾਰੇ ਪੁਲੀਸ ਕੋਲ ਵੱਡਾ ਖੁਲਾਸਾ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਵਲੀ ਨੇ ਰਿਮਾਂਡ ਦੌਰਾਨ ਦੱਸਿਆ ਕਿ ਉਸ ਦੀ ਮਾਂ ਰਾਜਬਾਲਾ ਤੇ ਲਵਲੀ ਦੇ ਪਤੀ ਰਾਮਕੁਮਾਰ ਤੇ ਭਤੀਜੇ ਮੋਹਿਤ ਨਾਲ ਮਿਲ ਕੇ ਇਨ੍ਹਾਂ ਦੀ ਭਰਜਾਈ ਸੁਧਾ ਦਾ ਦਸੰਬਰ 2016 ਵਿੱਚ ਗਲਾ ਘੁੱਟ ਕੇ ਕਤਲ ਕੀਤਾ ਸੀ ਅਤੇ ਮਗਰੋਂ ਲਵਲੀ ਦੇ ਪਤੀ ਰਾਮਕੁਮਾਰ ਨੇ ਉਸ ਦੀ ਲਾਸ਼ ਨੂੰ ਕਾਰ ਵਿੱਚ ਪਾ ਕੇ ਕੁਰੂਕਸ਼ੇਤਰ ਲਿਜਾ ਕੇ ਪਰਾਲੀ ਅਤੇ ਕੈਮੀਕਲ ਆਦਿ ਪਾ ਕੇ ਸਾੜ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਵੀ ਲਵਲੀ ਨੂੰ ਸ਼ਾਮਲ ਕੀਤਾ ਹੈ। ਡੀਸੀਪੀ ਕਮਲਦੀਪ ਗੋਇਲ ਅਨੁਸਾਰ ਖਟੌਲੀ ਕਤਲ ਕਾਂਡ ਮਾਮਲੇ ’ਚ ਤਿੰਨ ਪੁਲੀਸ ਅਧਿਕਾਰੀ ਇਸ ਮਾਮਲੇ ਤੇ ਇਸ ਲਵਲੀ ਦੀ ਭਰਜਾਈ ਮਾਮਲੇ ਬਾਰੇ ਜਾਂਚ ਕਰ ਰਹੀ ਹੈ। ਇਸ ਜਾਂਚ ’ਚ ਸੀਆਈਏ ਸਟਾਫ ਤੇ ਚੰਡੀਮੰਦਰ ਥਾਣੇ ਦੇ ਇੰਸਪੈਕਟਰ ਤੇ ਕਰਾਈਮ ਬਰਾਂਚ ਸੈਕਟਰ-19 ਦੇ ਇੰਚਾਰਜ ਵੱਲੋਂ ਮਾਮਲੇ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਦੀ ਦਾਦੀ ਮ੍ਰਿਤਕ ਰਾਜਬਾਲਾ ਦੇ ਭਰਾ ਸੁਰੇਸ਼ ਪਾਲ ਸਹਿਤ ਅੱਠ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁਲੀਸ ਜਾਂਚ ਕਰ ਰਹੀ ਹੈ। ਡੀਸੀਪੀ ਮੁਤਾਬਕ ਖਟੌਲੀ ਕਤਲ ਕਾਂਡ ਮੁਕਾਬਲੇ ’ਚ ਮੋਹਿਤ ਦਾ ਵੀ ਹੱਥ ਹੈ। ਮੋਹਿਤ ਨੂੰ ਲੱਭਣ ਲਈ ਪੁਲੀਸ ਛਾਪੇ ਮਾਰ ਰਹੀ ਹੈ। ਪੁਲੀਸ ਅਨੁਸਾਰ ਬੱਚਿਆਂ ਦੀ ਦਾਦੀ ਮ੍ਰਿਤਕ ਰਾਜਬਾਲਾ ਦਾ ਵੀ ਆਪਣੀ ਨੂੰਹ ਸੁਧਾ ਦਾ ਕਤਲ ਕਰਵਾਉਣ ’ਚ ਹੱਥ ਸੀ ਤੇ ਕੁਝ ਦਿਨ ਪਹਿਲਾਂ ਰਾਜਬਾਲਾ ਤੇ ਉਸ ਦੇ ਦੋ ਪੋਤੇ ਤੇ ਇਕ ਪੋਤੀ ਦਾ ਕਤਲ ਕੀਤਾ ਗਿਆ ਹੈ।