ਸ਼ਬਨਮਦੀਪ ਦੇ ਸਾਥੀ ਦਾ 26 ਤੱਕ ਪੁਲੀਸ ਰਿਮਾਂਡ

21

November

2018

ਪਟਿਆਲਾ, ਇਥੋਂ ਗਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਹਮਾਇਤ ਪ੍ਰਾਪਤ ਸ਼ਬਨਮਦੀਪ ਸਿੰਘ ਦੇ ਬੀਤੇ ਦਿਨ ਕਾਬੂ ਕੀਤੇ ਸਾਥੀ ਜਤਿੰਦਰ ਸਿੰਘ ਮਾਜਰੀ ਵਾਸੀ ਫਤਿਹ ਮਾਜਰੀ ਦਾ ਅੱਜ ਪਟਿਆਲਾ ਦੀ ਅਦਾਲਤ ਨੇ 26 ਨਵੰਬਰ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਹੈ। ਉਸ ਨੂੰ ਕੱਲ੍ਹ ਸੰਗਰੂਰ ਪੁਲੀਸ ਵੱਲੋਂ ਦਿੜਬਾ ਤੋਂ ਕਾਬੂ ਕਰਨ ਮਗਰੋਂ ਪਟਿਆਲਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਇਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਆਪਣੇ ਇੱਕ ਹੋਰ ਸਾਥੀ ਗੁਰਸੇਵਕ ਸਿੰਘ ਸੇਵਕ ਸਮੇਤ ਸ਼ਬਨਮਦੀਪ ਸਿੰਘ ਪਹਿਲਾਂ ਹੀ ਪਟਿਆਲਾ ਪੁਲੀਸ ਕੋਲ਼ 21 ਨਵੰਬਰ ਤੱਕ ਰਿਮਾਂਡ ’ਤੇ ਹਨ। ਜ਼ਿਕਰਯੋਗ ਹੈ ਕਿ ਸ਼ਬਨਮਦੀਪ ਸਿੰਘ ਨੂੰ ਪਹਿਲੀ ਨਵੰਬਰ ਨੂੰ ਡੀਐੱਸਪੀ ਸੁਖਮਿੰਦਰ ਚੌਹਾਨ ਦੀ ਅਗਵਾਈ ਹੇਠਲੀ ਟੀਮ ਨੇ ਕਾਬੂ ਕੀਤਾ ਸੀ। ਪਰ ਸੇਵਕ ਨੂੰ ਇੱਕ ਵੱਖਰੇ ਕੇਸ ’ਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਸੀ, ਜਿਸ ਦੀ ਸ਼ਬਨਮਦੀਪ ਨਾਲ ਸਾਂਝ ਦਾ ਰਾਜ਼ ਬਾਅਦ ’ਚ ਖੁੱਲ੍ਹਿਆ ਤੇ ਫਿਰ ਸੇਵਕ ਨੂੰ ਵੀ ਗਰਨੇਡ ਕੇਸ ਵਿੱਚ ਦਸ ਨਵੰਬਰ ਤੱਕ ਰਿਮਾਂਡ ’ਤੇ ਲੈ ਲਿਆ ਸੀ। ਦੋਵਾਂ ਨੂੰ 21 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਹੋਰ ਰਿਮਾਂਡ ਮੰਗੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਆਮ ਕੇਸਾਂ ਵਿਚ ਰਿਮਾਂਡ 14 ਦਿਨਾਂ ਤੱਕ ਹੀ ਮਿਲ ਸਕਦਾ ਹੈ, ਪਰ ਦੇਸ਼ ਵਿਰੋਧੀ ਕਾਰਵਾਈਆਂ ਆਧਾਰਿਤ ਕੇਸ ’ਚ ਤੀਹ ਦਿਨ ਤੱਕ ਪੁਲੀਸ ਰਿਮਾਂਡ ਦੀ ਵਿਵਸਥਾ ਹੈ, ਜਿਸ ਤਹਿਤ ਸ਼ਬਨਮਦੀਪ 19 ਦਿਨਾਂ ਤੋਂ ਰਿਮਾਂਡ ’ਤੇ ਹੈ।