ਪਤੀ-ਪਤਨੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ

21

November

2018

ਐਸਏਐਸ ਨਗਰ (ਮੁਹਾਲੀ), ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਜਸਮੀਤ ਸਿੰਘ ਉਰਫ਼ ਡੱਬੂ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਉਰਫ਼ ਪ੍ਰੀਤ ਵਾਸੀ ਫਰੀਦਾਬਾਦ ਨੂੰ 1866 ਨਸ਼ੀਲੀਆਂ ਗੋਲੀਆਂ ਅਤੇ 50 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਉਹ ਇੱਥੋਂ ਦੇ ਫੇਜ਼-1 ਵਿੱਚ ਰਹਿ ਰਹੇ ਸਨ। ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਦਿੱਲੀ ਤੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਲਿਆ ਕੇ ਮੁਹਾਲੀ ਅਤੇ ਚੰਡੀਗੜ੍ਹ ਸਮੇਤ ਹੋਰ ਨੇੜਲੇ ਇਲਾਕਿਆਂ ਵਿੱਚ ਦੇਣ ਲਈ ਆਏ ਹਨ। ਸੂਚਨਾ ਮਿਲਣ ’ਤੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਤੀ-ਪਤਨੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਜਸਮੀਤ ਕੋਲੋਂ 50 ਗਰਾਮ ਹੈਰੋਇਨ ਅਤੇ ਉਸ ਦੀ ਪਤਨੀ ਮਨਪ੍ਰੀਤ ਕੋਲੋਂ 1866 ਨਸ਼ੀਲੀਆਂ ਗੋਲੀਆਂ ਬਰਾਮਦ ਹੋਏ। ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਜਸਮੀਤ ਸਿੰਘ ਦੇ ਖ਼ਿਲਾਫ਼ ਫਰੀਦਾਬਾਦ ਅਤੇ ਦਿੱਲੀ ਵਿੱਚ ਪਹਿਲਾਂ ਵੀ 3 ਕੇਸ ਦਰਜ ਹਨ। ਹੁਣ ਉਹ ਦਿੱਲੀ ਛੱਡ ਕੇ ਮੁਹਾਲੀ ਆ ਕੇ ਰਹਿਣ ਲੱਗ ਪਿਆ ਹੈ ਅਤੇ ਇੱਥੇ ਆਪਣੀ ਪਤਨੀ ਮਨਪ੍ਰੀਤ ਨਾਲ ਰਲ ਕੇ ਨਸ਼ਾ ਸਪਲਾਈ ਦਾ ਧੰਦਾ ਕਰਦਾ ਸੀ। ਉਹ ਪਿਛਲੇ ਕਰੀਬ ਡੇਢ ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਸੋਹਲ ਨੇ ਦੱਸਿਆ ਕਿ ਐਸਟੀਐਫ਼ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਨਾਇਜੀਰੀਅਨ ਮਮੀਸੋਮਾ ਦੀ ਨਿਸ਼ਾਨਦੇਹੀ ’ਤੇ ਉਸ ਦੇ ਫਲੈਟ ’ਚੋਂ ਅੱਜ 200 ਗਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ ਜਦੋਂਕਿ ਪੁਲੀਸ ਨਾਕੇ ’ਤੇ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 270 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।