ਕਾਰ ਬਾਜ਼ਾਰ ਮਨੀਮਾਜਰਾ ਤਬਦੀਲ ਹੋਵੇਗਾ

21

November

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਗਰ ਨਿਗਮ ਨੇ ਹੱਲੋਮਾਜਰਾ ਦੇ ਕਾਰ ਬਾਜ਼ਾਰ ਨੂੰ ਮਨੀਮਾਜਰਾ ਸਥਿਤ ਐਨਏਸੀ ਮਾਰਕੀਟ ਵਿੱਚ ਸ਼ਿਫਟ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਾਰ ਬਾਜ਼ਾਰ ਹੁਣ ਹਰ ਐਂਤਵਾਰ ਨੂੰ ਇਥੇ ਐਸਸੀਓ ਨੰਬਰ 35 ਤੋਂ ਲੈਕੇ 46 ਤੱਕ ਦੇ ਸ਼ੋਅਰੂਮਾਂ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਲਗਾਇਆ ਜਾਵੇਗਾ। ਨਿਗਮ ਨੇ ਇਹ ਬਾਜ਼ਾਰ ਫਿਲਹਾਲ ਆਰਜ਼ੀ ਤੌਰ ’ਤੇ ਲਗਾਉਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਹੱਲੋਮਾਜਰਾ ਵਾਲੀ ਕਾਰ ਬਾਜ਼ਾਰ ਵਾਲੀ ਥਾਂ ਟੂਰਿਸਟ ਤੇ ਸਕੂਲੀ ਬੱਸਾਂ ਲਈ ਪਾਰਕਿੰਗ ਵਜੋਂ ਵਰਤੀ ਜਾਵੇਗੀ। ਮੇਅਰ ਦੇਵੇਸ਼ ਮੋਦਗਿਲ ਨੇ ਕਿਹਾ ਕਿ ਉਨ੍ਹਾਂ ਨੇ ਕਾਰ ਬਾਜ਼ਾਰ ਨੂੰ ਲੈਕੇ ਕੌਂਸਲਰ ਅਨਿਲ ਦੂਬੇ ਦੀ ਪ੍ਰਧਾਨਗੀ ਹੇਠ 12-ਮੈਂਬਰੀ ਕਮੇਟੀ ਬਣਾਈ ਸੀ ਜਿਸ ਨੇ ਕਾਰ ਡੀਲਰਜ਼ ਐਸੋਸੀਏਸ਼ਨ ਦੀ ਮੰਗ ਤਹਿਤ ਕਾਰ ਬਾਜ਼ਾਰ ਦੀ ਥਾਂ ਤਬਦੀਲੀ ਸਬੰਧੀ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਆਪਣੀ ਰਿਪੋਰਟ ਸੌਂਪੀ ਸੀ। ਕਮੇਟੀ ਨੇ ਮਨੀਮਾਜਰਾ ਦੀ ਐਨਏਸੀ ਮਾਰਕੀਟ ਨੂੰ ਕਾਰ ਬਾਜ਼ਾਰ ਲਈ ਢੁੱਕਵੀਂ ਥਾਂ ਦੱਸਿਆ ਸੀ ਅਤੇ 26 ਜੂਨ ਦੀ ਨਿਗਮ ਹਾਊਸ ਮੀਟਿੰਗ ਦੌਰਾਨ ਇਸ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਨੀਮਾਜਰਾ ਵਿੱਚ ਕਾਰ ਬਾਜ਼ਾਰ ਲਗਾਉਣ ਲਈ ਡੀਲਰਾਂ ਨੂੰ ਸੋਧੀਆਂ ਹੋਇਆਂ ਦਰਾਂ ’ਤੇ ਸਾਈਟ ਅਲਾਟ ਕੀਤੇ ਜਾਣਗੇ। ਨਵੀਆਂ ਦਰਾਂ ਅਨੁਸਾਰ ਕਾਰ ਡੀਲਰਾਂ ਨੂੰ ਪ੍ਰਤੀ ਸਾਈਟ ਸੱਤ ਹਜ਼ਾਰ ਰੁਪਏ ਜੀਐਸਟੀ ਸਮੇਤ ਜਮ੍ਹਾਂ ਕਰਵਾਉਣੇ ਹੋਣਗੇ। ਕਾਰ ਬਾਜ਼ਾਰ ਸ਼ੁਰੂ ਕਰਨ ਲਈ ਭਲਕੇ ਮੀਟਿੰਗ ਕੀਤੀ ਜਾ ਰਹੀ ਹੈ। ਨਿਗਮ ਦੇ ਫੈਸਲੇ ਨੂੰ ਕਾਰ ਬਾਜ਼ਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਸਰਾਹਿਆ ਹੈ। ਉਨਾਂ ਨੇ ਮੇਅਰ ਦੇਵੇਸ਼ ਮੋਦਗਿਲ, ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਸੰਸਦ ਮੈਂਬਰ ਕਿਰਨ ਖੇਰ ਅਤੇ ਕਮੇਟੀ ਦੇ ਚੇਅਰਮੈਨ ਅਨਿਲ ਦੂਬੇ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਨੇ ਸੈਕਟਰ-7 ਦੀ ਮਾਰਕੀਟ ਵਿੱਚ ਲੱਗਣ ਵਾਲਾ ਕਾਰ ਬਾਜ਼ਾਰ ਉਥੋਂ ਦੇ ਦੁਕਾਨਦਾਰਾਂ ਵਲੋਂ ਕੀਤੇ ਅਦਾਲਤੀ ਕੇਸ ਤੋਂ ਬਾਅਦ ਹੱਲੋਮਾਜਰਾ ਸ਼ਿਫਟ ਕਰ ਦਿੱਤਾ ਸੀ। ਇਸ ਨੂੰ ਲੈਕੇ ਕਾਰ ਬਾਜ਼ਾਰ ਦੇ ਡੀਲਰ ਖੁਸ਼ ਨਹੀਂ ਸਨ। ਉਹ ਇਸ ਬਜ਼ਾਰ ਨੂੰ ਸ਼ਹਿਰ ਵਿੱਚ ਕਿਸੇ ਹੋਰ ਢੁੱਕਵੀਂ ਥਾਂ ’ਤੇ ਸ਼ਿਫਟ ਕਰਨ ਦੀ ਮੰਗ ਕਰ ਰਹੇ ਸਨ।