ਡੀਜੀਪੀ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ

20

November

2018

ਅੰਮ੍ਰਿਤਸਰ, ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਸਥਾਨਕ ਕਾਨਫਰੰਸ ਹਾਲ ਪੁਲੀਸ ਲਾਈਨ ਵਿਚ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਪੁਲੀਸ ਕਮਿਸ਼ਨਰ (ਅੰਮ੍ਰਿਤਸਰ) ਐੱਸ.ਐੱਸ.ਸ੍ਰੀਵਾਸਤਵ, ਡੀਸੀਪੀ (ਇੰਨਵੈਸਟੀਗੇਸ਼ਨ) ਜਗਮੋਹਨ ਸਿੰਘ ਤੇ ਕਮਿਸ਼ਨੇਰਟ ਦੇ ਸਮੂਹ ਏਡੀਸੀਪੀ, ਏਸੀਪੀ, ਮੁੱਖ ਅਫ਼ਸਰਾਂ, ਥਾਣਾ ਇੰਚਾਰਜਾਂ ਤੇ ਇੰਚਾਰਜ ਯੂਨਿਟਾਂ ਨਾਲ ਮੀਟਿੰਗ ਕੀਤੀ। ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਸਮਾਜ ਵਿਰੋਧੀ ਤਾਕਤਾਂ ਹਮੇਸ਼ਾਂ ਦਹਿਸ਼ਤ ਫੈਲਾਉਣ ਦੇ ਮਨਸੂਬੇ ਨਾਲ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਿਰਾਕ ਵਿਚ ਰਹਿੰਦੀਆਂ ਹਨ। ਇਨ੍ਹਾਂ ਤਾਕਤਾਂ ਦੇ ਅਜਿਹੇ ਮਨਸੂਬਿਆਂ ਨੂੰ ਨਾਕਾਮਯਾਬ ਬਣਾਉਣ ਲਈ ਪੰਜਾਬ ਪੁਲੀਸ ਚੌਕਸ ਤੇ ਚੁਕੰਨੇ ਹੋ ਕੇ ਆਪਣੀ ਡਿਊਟੀ ਨਿਭਾਅ ਰਹੀ ਹੈ। ਡੀਜੀਪੀ ਪੰਜਾਬ ਨੇ ਹਾਜ਼ਰ ਅਫ਼ਸਰਾਂ ਨੂੰ ਆਪਣੇ ਸਰਵਿਸ ਦੇ ਲੰਬੇ ਤਜਰਬੇ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਤਾਕਤਾਂ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ। ਉਨ੍ਹਾਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਤੇ ਅਮਨ ਸ਼ਾਂਤੀ ਬਹਾਲ ਰੱਖਣ ਤੋਂ ਇਲਾਵਾ ਇੰਟੈਲੀਜੈਂਸ ਤੋਂ ਮਿਲ ਰਹੇ ਇਨਪੁਟਸ ਦੇ ਸੰਦਰਭ ’ਚ ਮੀਟਿੰਗ ਵਿਚ ਹਾਜ਼ਰ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ।