ਸਾਂਝਾ ਮੋਰਚਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਧੱਕਾ-ਮੁੱਕੀ

19

November

2018

ਅੰਮ੍ਰਿਤਸਰ, ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਬਸੋਤਾ ਦੀ ਅਗਵਾਈ ਹੇਠ ਪੰਜਾਬ ਦੇ ਮਜ਼ਦੂਰ-ਕਿਸਾਨ, ਨੌਜਵਾਨ ਫੈਡਰੇਸ਼ਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਰੈਲੀ ਕਰਨ ਮਗਰੋਂ ਸਿਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਅਧਿਆਪਕ ਆਗੂ ਸੁਖਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਜਦੋਂ ਅਧਿਆਪਕ ਕਿਚਲੂ ਚੌਕ ਤੋਂ ਤੁਰੇ ਤਾਂ ਉਥੇ ਉਨ੍ਹਾਂ ਨੂੰ ਬੇਰੀਕੇਡ ਲਾ ਕੇ ਰੋਕਿਆ ਗਿਆ ਅਤੇ ਅਧਿਆਪਕਾਂ ਨਾਲ ਧੱਕਾਮੁੱਕੀ ਕੀਤੀ ਗਈ ਤੇ ਲਾਠੀਆਂ ਵਰ੍ਹਾਈਆਂ ਗਈਆਂ। ਧੱਕਾਮੁੱਕੀ ਦੌਰਾਨ ਡੀਟੀਐੱਫ ਆਗੂ ਜਰਮਨਜੀਤ ਸਿੰਘ ਦੇ ਮੋਢੇ ’ਤੇ ਸੱਟ ਲੱਗੀ। ਗੌਰਮਿੰਟ ਟੀਚਰਜ਼ ਯੂਨੀਅਨ ਸਟੇਟ ਦੇ ਆਗੂ ਸੁਖਵਿੰਦਰ ਚਾਹਲ ਦੀ ਪੱਗ ਵੀ ਲੱਥ ਗਈ ਤੇ ਸੱਟਾਂ ਵੀ ਲੱਗੀਆਂ। ਸਰਬ ਸਿਖਿਆ ਅਭਿਆਨ ਦੇ ਆਗੂ ਜਸਪ੍ਰੀਤ ਸਿੰਘ ਨੂੰ ਵੀ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਲਾਠੀਚਾਰਜ ਦੇ ਬਾਵਜੂਦ ਵੀ ਅਧਿਆਪਕ ਬੈਰੀਕੇਡ ਲੰਘ ਗਏ ਅਤੇ ਸਿਖਿਆ ਮੰਤਰੀ ਦੇ ਘਰ ਲਾਗੇ ਧਰਨਾ ਮਾਰ ਕੇ ਬੈਠ ਗਏ। ਕਾਫੀ ਦੇਰ ਬਾਅਦ ਡੀਐੱਸਪੀ ਵਿਸ਼ਾਲਦੀਪ ਨੇ ਉਨ੍ਹਾਂ ਨੂੰ ਸਿਖਿਆ ਮੰਤਰੀ ਕੋਲੋਂ 22 ਨਵੰਬਰ ਨੂੰ ਚੰਡੀਗੜ੍ਹ ਵਿੱਚ ਮਿਲਣ ਦਾ ਸਮਾਂ ਲੈ ਕੇ ਦਿੱਤਾ।