ਹਰਮੋਹਨ ਧਵਨ ‘ਆਪ’ ਵਿੱਚ ਹੋਏ ਸ਼ਾਮਲ

19

November

2018

ਚੰਡੀਗੜ੍ਹ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਅੱਜ ਭਾਜਪਾ ਤੋਂ ਕਿਨਾਰਾ ਕਰਕੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਸ੍ਰੀ ਧਵਨ ਵੱਲੋਂ ਅੱਜ ਆਪਣੀ ਸੈਕਟਰ-9 ਸਥਿਤ ਕੋਠੀ ਵਿਚ ਆਪਣੇ ਸਮਰਥਕਾਂ ਦੇ ਕਰਵਾਏ ਇਕੱਠ ਦੌਰਾਨ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪੁੱਜੇ ‘ਆਪ’ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਇੰਚਾਰਜ ਦੁਰਗੇਸ਼ ਪਾਠਕ, ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਅਮਨ ਅਰੋੜਾ, ਮੀਤ ਹੇਅਰ, ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਅਤੇ ਸਾਬਕਾ ਡੀਐਸਪੀ ਵਿਜੈ ਪਾਲ ਸਿੰਘ ਨੇ ਸ੍ਰੀ ਧਵਨ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ‘ਆਪ’ ਆਗੂਆਂ ਨੇ ਭਾਵੇਂ ਰਸਮੀ ਤੌਰ ’ਤੇ ਸ੍ਰੀ ਧਵਨ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਹੀਂ ਐਲਾਨਿਆ ਪਰ ਪੂਰੇ ਸੰਕੇਤ ਹਨ ਕਿ ਇਥੋਂ ਸ੍ਰੀ ਧਵਨ ਹੀ ‘ਆਪ’ ਦੇ ਉਮੀਦਵਾਰ ਹੋਣਗੇ। ਇਸ ਮੌਕੇ ਦੁਰਗੇਸ਼ ਪਾਠਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਹਲਕੇ ਤੋਂ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੇ 1.08 ਲੱਖ ਵੋਟਾਂ ਹਾਸਲ ਕੀਤੀਆਂ ਸਨ ਅਤੇ ਇਸ ਵਾਰ ਇਥੋਂ ਦੀ ਵੱਡੀ ਸਿਆਸੀ ਹਸਤੀ ਸ੍ਰੀ ਧਵਨ ਦੇ ਚੋਣ ਲੜਣ ਨਾਲ ਪਾਰਟੀ ਪੱਕਾ ਜਿੱਤੇਗੀ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਨਵਰੀ 2019 ਵਿਚ ਚੰਡੀਗੜ੍ਹ ਆ ਕੇ ਸ੍ਰੀ ਧਵਨ ਦੀ ਚੋਣ ਮੁਹਿੰਮ ਨੂੰ ਭਖਾਉਣਗੇ। ਇਸ ਮੌਕੇ ਹਰਤਾਜ ਸਿੰਘ ਰਾੜੇਵਾਲ ਨੂੰ ਵੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਬਾਦਲਾਂ ਅਤੇ ਕੈਪਟਨ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਧਿਰਾਂ ਸਿਆਸੀ ਸਾਂਝ ਪਾਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀਆਂ ਹਨ। ਇਸ ਮੌਕੇ ਸ੍ਰੀ ਧਵਨ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਕਦੇ ਵੀ ਚੰਡੀਗੜ੍ਹ ਦੀ ਸਾਰ ਨਹੀਂ ਲਈ ਅਤੇ ਉਨ੍ਹਾਂ ਨੇ ਆਪਣੇ ਥੋੜੇ ਸਮੇਂ ਵਿਚ ਹੀ ਚੰਡੀਗੜ੍ਹ ਲਈ ਇਤਿਹਾਸਕ ਕੰਮ ਕੀਤੇ ਹਨ।