Arash Info Corporation

ਇਨੋਵਾ ਗੱਡੀ ਖੋਹਣ ਦੇ ਮਾਮਲੇ ਵਿੱਚ ਦੂਜੇ ਦਿਨ ਵੀ ਪੁਲੀਸ ਦੇ ਹੱਥ ਖਾਲੀ

16

November

2018

ਪਠਾਨਕੋਟ, ਜੰਮੂ ਦੇ ਰੇਲਵੇ ਸਟੇਸ਼ਨ ਤੋਂ ਕਿਰਾਏ ’ਤੇ ਲਈ ਇਨੋਵਾ ਗੱਡੀ ਨੂੰ ਕੌਮੀ ਸ਼ਾਹ-ਮਾਰਗ ਉੱਤੇ ਮਾਧੋਪੁਰ ਨੇੜੇ ਡਰਾਈਵਰ ਕੋਲੋਂ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਦੂਸਰੇ ਦਿਨ ਵੀ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਸ਼ੱਕੀ ਵਿਅਕਤੀਆਂ ਅਤੇ ਇਨੋਵਾ ਕਾਰ ਦਾ ਕੋਈ ਵੀ ਸੁਰਾਗ ਨਹੀਂ ਲਗਾ ਸਕੀ। ਦੂਸਰੇ ਪਾਸੇ ਇੰਟੈਲੀਜੈਂਸੀ ਦੇ ਡੀਜੀਪੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਜੈਸ਼-ਏ-ਮੁਹੰਮਦ ਜਥੇਬੰਦੀ ਦੇ ਛੇ-ਸੱਤ ਦਹਿਸ਼ਤਪਸੰਦ ਪਾਕਿਸਤਾਨ ਦੀ ਤਰਫੋਂ ਭਾਰਤ ਅੰਦਰ ਦਾਖ਼ਲ ਹੋ ਗਏ ਹਨ ਜੋ ਕਿ ਦਿੱਲੀ ਨੂੰ ਜਾਣਾ ਚਾਹੁੰਦੇ ਹਨ। ਇਹ ਦਹਿਸ਼ਤਗਰਦ ਸਰਹੱਦੀ ਖੇਤਰ ਫ਼ਿਰੋਜ਼ਪੁਰ ਦੀ ਤਰਫ਼ੋਂ ਭਾਰਤੀ ਇਲਾਕੇ ਵਿੱਚ ਦਾਖਲ ਹੋਏ ਜਾਪਦੇ ਹਨ। ਇਸ ਅਤਿ ਖੁਫੀਆ ਪੱਤਰ ਦੇ ਜਾਰੀ ਹੋਣ ਮਗਰੋਂ ਸਰਹੱਦ ਦੇ ਨਾਲ ਲੱਗਦੀ ਸੈਕਿੰਡ ਲਾਈਨ ਆਫ਼ ਡਿਫੈਂਸ ਉਪਰ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ, ਬੀਐੱਸਐੱਫ, ਆਰਮੀ ਅਤੇ ਹੋਰ ਸੂਹੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੇ ਦੌਰਾ ਕਰਕੇ ਮੀਟਿੰਗਾਂ ਆਰੰਭ ਦਿੱਤੀਆਂ ਹਨ ਅਤੇ ਸੁਰੱਖਿਆ ਪੰਕਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਹੈ। ਬੁਲੇਟ ਪਰੂਫ਼ ਵਾਹਨ ਵੀ ਬਮਿਆਲ ਦੇ ਸਰਹੱਦੀ ਖੇਤਰ ਵੱਲ ਰਵਾਨਾ ਕਰ ਦਿੱਤੇ ਗਏ। ਜ਼ਿਲ੍ਹਾ ਪਠਾਨਕੋਟ ਤੇ ਪੁਲੀਸ ਮੁਖੀ ਅੱਜ ਜੰਮੂ ਨੂੰ ਰਵਾਨਾ ਹੋ ਗਏ ਜਿੱਥੇ ਉਹ ਜੰਮੂ-ਕਸ਼ਮੀਰ ਦੇ ਪੁਲੀਸ ਅਧਿਕਾਰੀਆਂ ਨੂੰ ਮਿਲੇ। ਉਨ੍ਹਾਂ ਉੱਥੇ ਰੇਲਵੇ ਸਟੇਸ਼ਨ ਦਾ ਟੈਕਸੀ ਸਟੈਂਡ ਵੀ ਦੇਖਿਆ ਜਿੱਥੋਂ ਸ਼ੱਕੀਆਂ ਨੇ ਇਨੋਵਾ ਗੱਡੀ ਕਿਰਾਏ ’ਤੇ ਲਈ ਸੀ। ਸ੍ਰੀ ਸੋਨੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕੁਝ ਸੁਰਾਗ ਹੱਥ ਲੱਗੇ ਹਨ ਅਤੇ ਜਲਦੀ ਹੀ ਕਿਸੇ ਨਤੀਜੇ ਉਪਰ ਪੁੱਜਣ ਦੀ ਸੰਭਾਵਨਾ ਹੈ। ਸਰਹੱਦੀ ਰੇਂਜ ਦੇ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਕਿਹਾ ਕਿ ਅੱਜ ਵੀ ਢਾਬਾ ਮਾਲਕ ਕੋਲੋਂ ਪੁੱਛਗਿੱਛ ਕੀਤੀ ਗਈ ਜਿੱਥੇ ਸ਼ੱਕੀਆਂ ਨੇ ਖਾਣਾ ਖਾਧਾ ਸੀ। ਇਸ ਦੇ ਇਲਾਵਾ ਇਨੋਵਾ ਗੱਡੀ ਦੇ ਡਰਾਈਵਰ ਰਾਜ ਕੁਮਾਰ ਕੋਲੋਂ ਸੁਰੱਖਿਆ ਏਜੰਸੀਆਂ ਨੇ ਪੁੱਛਗਿੱਛ ਕੀਤੀ। ਜੰਮੂ-ਪਠਾਨਕੋਟ ਮਾਰਗ ਉਪਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਤਰ ਕਰਕੇ ਖੰਗਾਲੀ ਜਾ ਰਹੀ ਹੈ। ਅੱਜ ਤਿੰਨਾਂ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਪੁਲੀਸ ਵਿੱਚ ਰੈੱਡ ਅਲਰਟ ਜਾਰੀ ਰਿਹਾ। ਜੰਮੂ ਅਤੇ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਸਾਂਝੇ ਤੌਰ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ।