ਗਰੀਨ ਟ੍ਰਿਬਿਊਨਲ ਵੱਲੋਂ ਚੰਡੀਗੜ੍ਹ ’ਚ ਕੂੜਾ ਪ੍ਰਬੰਧਾਂ ਦਾ ਜਾਇਜ਼ਾ

16

November

2018

ਚੰਡੀਗੜ੍ਹ, ਚੇਅਰਪਰਸਨ ਰਾਜਵੰਤ ਸੰਧੂ ਨੂੰ ਖਾਦ ਬਣਾਉਣ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਉੱਤਰੀ ਜ਼ੋਨ ਦੀ ਚੇਅਰਪਰਸਨ ਰਾਜਵੰਤ ਸੰਧੂ ਨੇ ਅੱਜ ਚੰਡੀਗੜ੍ਹ ਵਿੱਚ ਠੋਸ ਕੂੜੇ ਦੇ ਪ੍ਰਬੰਧਾਂ ਦਾ ਜ਼ਾਇਜਾ ਲਿਆ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਘਰੇਲੂ ਪੱਧਰ ’ਤੇ ਰਹਿੰਦ-ਖੂੰਹਦ ਨੂੰ ਵੱਖ ਵੱਖ ਕਰਨ ਦੇ ਪ੍ਰਬੰਧ ਲਾਜ਼ਮੀ ਕਰਨ ਅਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਨਾ ਕਰਨ ਵਾਲੇ ਅਦਾਰਿਆਂ ਨੂੰ ਜੁਰਮਾਨੇ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਚੰਡੀਗੜ੍ਹ ਨਗਰ ਨਿਗਮ ਵਲੋਂ ਕੂੜੇ ਦੇ ਨਿਪਟਾਰੇ ਲਈ ਲਗਾਏ ਗਏ ਪ੍ਰਾਜੈਕਟਾਂ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ਼੍ਰੀਮਤੀ ਸੰਧੂ ਨੇ ਆਪਣੇ ਇਸ ਦੌਰੇ ਦੌਰਾਨ ਨਗਰ ਨਿਗਮ ਦਫਤਰ ਵਿੱਚ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਚੰਡੀਗੜ੍ਹ ਵਿੱਚ ਸੋਲਿਡ ਵੇਸਟ ਮੈਨੇਜਮੇਂਟ ਸਿਸਟਮ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੂੰ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਗਰ ਨਿਗਮ ਵਲੋਂ ਕੂੜਾ ਪ੍ਰਬੰਧਨ ਨੂੰ ਲੈਕੇ ਚੁੱਕੇ ਗਏ ਕਦਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਚੇਅਰਪਰਸਨ ਨੇ ਡੱਡੂਮਾਜਰਾ ਸਥਿਤ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਵੀ ਕੀਤਾ। ਇਸ ਤੋਂ ਬਾਅਦ ਸ਼੍ਰੀਮਤੀ ਸੰਧੂ ਨੇ ਸੈਕਟਰ-11 ਵਿੱਚ ਸਹਿਜ ਸਫਾਈ ਕੇਂਦਰ ਦਾ ਦੌਰਾ ਕੀਤਾ। ਇਸ ਉਪਰੰਤ ਉਹ ਸੈਕਟਰ-36 ਸਥਿਤ ਫਰੈਗਰੈਂਸ ਗਾਰਡਨ ਵਿੱਚ ਗਏ ਅਤੇ ਉਥੇ ਨਗਰ ਨਿਗਮ ਦੇ ਬਾਗ਼ਬਾਨੀ ਵਿੰਗ ਵੱਲੋਂ ਬਗੀਚਿਆਂ ਅਤੇ ਦਰੱਖਤਾਂ ਦੇ ਸੁੱਕੇ ਪੱਤਿਆਂ ਤੋਂ ਖਾਦ ਬਣਾਉਣ ਲਈ ਲਗਾਏ ਗਏ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀਮਤੀ ਸੰਧੂ ਨੇ ਨਿਗਮ ਅਧਿਕਾਰੀਆਂ ਨੂੰ ਚੰਡੀਗੜ੍ਹ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਐਨਜੀਟੀ ਅਤੇ ਕੇਂਦਰ ਸਰਕਾਰ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ।