ਬੇਕਾਬੂ ਕਾਰ ਖੰਭੇ ਨਾਲ ਟਕਰਾਉਣ ਮਗਰੋਂ ਪਲਟੀ; ਦੋ ਜ਼ਖ਼ਮੀ

16

November

2018

ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-68 ਸਥਿਤ ਨਗਰ ਨਿਗਮ ਦਫ਼ਤਰ ਵੱਲ ਜਾਂਦੀ ਸੜਕ ’ਤੇ ਵਾਪਰੇ ਹਾਦਸੇ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਇੱਕ ਮਹਿਲਾ ਸੈਕਟਰ-67 ਤੋਂ ਸੈਕਟਰ-68 ਵੱਲੋਂ ਆਪਣੀ ਕਾਰ ’ਤੇ ਜਾ ਰਹੀ ਸੀ। ਇਸ ਦੌਰਾਨ ਮਹਿਲਾ ਦੀ ਕਾਰ ਅਤੇ ਸੈਕਟਰ-80 ਤੋਂ ਨਾਈਪਰ ਵੱਲ ਜਾ ਰਹੀ ਦੂਜੀ ਕਾਰ ਚੌਕ ਵਿੱਚ ਇੱਕ ਦੂਜੇ ਨਾਲ ਟਕਰਾਉਣ ਤੋਂ ਬਚਾਉਣ ਦੇ ਯਤਨ ਕਰਦਿਆਂ ਇੱਕ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ ਅਤੇ ਸੜਕ ’ਤੇ ਪਲਟ ਗਈ। ਇਸ ਕਾਰਨ ਕਾਰ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ ਅਤੇ ਕਾਰ ਚਾਲਕ ਮਹਿਲਾ ਆਪਣੀ ਕਾਰ ਸਮੇਤ ਮੌਕੇ ਤੋਂ ਚਲੀ ਗਈ। ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਰੜ (ਸ਼ਸ਼ੀ ਪਾਲ ਜੈਨ): ਪਿੰਡ ਮਜਾਤ ਦੇ ਨਜ਼ਦੀਕ ਅਣਪਛਾਤੀ ਕਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਫੇਟ ਕਾਰਨ ਦੋ ਚਚੇਰੇ ਭਰਾ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ਖ਼ਮੀ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਅਮਰਿੰਦਰ ਸਿੰਘ ਨਾਲ ਪਿੰਡ ਝੰਜੇੜੀ ਸਥਿਤ ਜਿਮ ਵਿੱਚ ਗਿਆ ਸੀ ਅਤੇ ਉਥੋਂ ਦੋਨੋਂ ਸਵੇਰੇ 7 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਆ ਰਹੇ ਸਨ। ਜਦੋਂ ਉਹ ਮੋੜ ਕੱਟ ਰਹੇ ਸਨ ਤਾਂ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਨੁਕਸਾਨਿਆ ਗਿਆ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਨੇ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।